ਪੱਤਰ ਪ੍ਰੇਰਕ
ਲਹਿਰਾਗਾਗਾ, 5 ਸਤੰਬਰ
ਇਥੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਅਧਿਆਪਕ ਦਿਵਸ ਮਨਾਉਣ ਵਾਲੇ ਸਕੂਲਾਂ ਵਿੱਚ ਜੀ. ਜੀ. ਐੱਸ. ਸਕੂਲ ਜਲੁੂਰ, ਅਕਾਲ ਸਹਾਇ ਅਕੈਡਮੀ ਭੁਟਾਲ, ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਸ਼ਾਮਲ ਹਨ। ਇਸ ਮੌਕੇ ਅਕੈਡਮਿਕ ਹਾਈਟਸ ਪਬਲਿਕ ਸਕੂਲ, ਲਿਟਲ ਸਟਾਰ ਬਚਪਨ ਲਹਿਰਾਗਾਗਾ ਅਤੇ ਬ੍ਰਿਲੀਐਂਟ ਮਾਈਂਡਸ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਵੱਲੋਂ ਵਿਸ਼ੇਸ਼ ਅਸੈਂਬਲੀ ਬੁਲਾਈ ਗਈ। ਸਕੂਲ ਦੇ ਪ੍ਰਿੰਸੀਪਲ ਵਿਜੈ ਆਨੰਦ ਨੇ ਸਟਾਫ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਅਧਿਆਪਕ ਇੱਕ ਵਧੀਆ ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ। ਇਸ ਦੌਰਾਨ ਸਕੂਲ ਦੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਫਾਲਕਾਨਸ ਸਹੋਦਿਆ ਸਕੂਲਜ਼ ਸੰਗਰੂਰ ਵਲੋਂ ਅਧਿਆਪਕ ਦਿਵਸ ਮੌਕੇ ਜ਼ਿਲ੍ਹੇ ਦੇ 14 ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਇੰਗਲਿਸ਼ ਅਧਿਆਪਕ ਅਲਫੌਸਾ ਥਾਮਸ, ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੇ ਮਨਜੀਤ ਕੌਰ ਦਾ ਨਾਮ ਸ਼ਾਮਲ ਹੈ। ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ, ਅਮਨ ਢੀਂਡਸਾ ਤੇ ਪ੍ਰਿੰਸੀਪਲ ਬਬਿਿਨ ਅਲੈਗਜੈਂਡਰ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਅਮਰਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ੍ਹ ਬਾਗੜੀਆਂ ਵਿੱਚ ਪ੍ਰਿੰਸੀਪਲ ਨਰੇਸ਼ ਕੁਮਾਰ ਦੀ ਦੇਖ ਰੇਖ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਨਰੇਸ਼ ਕੁਮਾਰ ਨੇ ਕਿਹਾ ਕਿ ਅਧਿਆਪਕ ਉਹ ਦੀਵਾ ਹੈ ਜੋ ਵਿਦਿਆਰਥੀ ਦਾ ਭਵਿੱਖ ਰੌਸ਼ਨ ਕਰਦਾ ਹੈ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਹਰ ਸਾਲ ਇਹ ਦਿਨ ਸਾਬਕਾ ਰਾਸ਼ਟਰਪਤੀ ਸਰਵਪਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਸਬੰਧੀ ਮਨਾਇਆ ਜਾਂਦਾ ਹੈ।
ਧੂਰੀ (ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ): ਅਧਿਆਪਕ ਦਿਵਸ ਮੌਕੇ ਰੋਟਰੀ ਕਲੱਬ ਧੂਰੀ ਵੱਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਪ੍ਰਧਾਨ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸਰਬਜੀਤ ਸਿੰਘ, ਹੁਕਮ ਚੰਦ ਸਿੰਗਲਾ, ਸੱਤਪਾਲ ਗਰਗ, ਰਾਜਨ ਗਰਗ, ਸੁਮਿਤ ਜੈਵ, ਰਜਨੀਸ਼ ਧੀਰ ਤੇ ਸੀ.ਐਸ ਮੁਸਾਫਿਰ ਵੀ ਹਾਜ਼ਰ ਸਨ। ਇਸੇ ਤਰ੍ਹਾਂ ਡੀਵੀ ਪਬਲਿਕ ਸਕੂਲ ਕੱਕੜਵਾਲ ਧੂਰੀ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿੱਚ ਡਾ. ਅਵਤਾਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਿੰਸੀਪਲ ਸੰਤ ਸਿੰਘ ਨੇ ਉਨ੍ਹਾਂਨੂੰ ਜੀ ਆਇਆਂ ਆਖਿਆ। ਡਾ. ਅਵਤਾਰ ਸਿੰਘ ਢੀਂਡਸਾ ਨੇ ਸਿੱਖਣ ਦਾ ਆਨੰਦ ਵਿਸ਼ੇ ’ਤੇ ਚਰਚਾ ਕੀਤੀ ਅਤੇ ਕੁਲਵੰਤ ਸਿੰਘ ਨੇ ਵੀ ਸਿੱਖਣ ਦਾ ਆਨੰਦ ਵਿਸ਼ੇ ਉਤੇ ਆਪਣਾ ਭਾਸ਼ਣ ਦਿੱਤਾ। ਸਮੂਹ ਅਧਿਆਪਕਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਰੋਟਰੀ ਕਲੱਬ ਵੱਲੋਂ ਸੱਭਿਆਚਾਰਕ ਤੇ ਸਨਮਾਨ ਸਮਾਗਮ
ਸੰਗਰੂਰ (ਪੱਤਰ ਪ੍ਰੇਰਕ): ਰੋਟਰੀ ਕਲੱਬ ਸੰਗਰੂਰ ਰੋਇਲ ਅਤੇ ਸਟੇਟ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ (ਐਮ.ਐਂਡ.ਏ) ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਲੱਬ ਦੇ ਪ੍ਰਧਾਨ ਸੰਜੈ ਸ਼ਰਮਾ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਚਰਨਜੀਤ ਸਿੰਘ ਉਡਾਰੀ, ਡਾ. ਐਚ.ਐਸ.ਬਾਲੀ, ਰਾਜੀਵ ਜੈਨ, ਜਸਵੀਰ ਸਿੰਘ ਅਤੇ ਤਿਲਕ ਰਾਜ ਹਾਜ਼ਰ ਸਨ| ਮੁੱਖ ਮਹਿਮਾਨ ਵਜੋਂ ਪ੍ਰੋ. ਸੁਰੇਸ਼ ਗੁਪਤਾ, ਸ਼ੋਭਾ ਗੁਪਤਾ ਅਤੇ ਹਿਮਾਂਸ਼ੂ ਸ਼ਰਮਾ ਨੇ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਕ੍ਰਿਸ਼ਨ ਅਗਰਵਾਲ, ਨੱਥੂ ਲਾਲ ਢੀਂਗਰਾ ਅਤੇ ਡੀ.ਪੀ.ਸਿੰਘ ਨੇ ਹਾਜ਼ਰੀ ਲਵਾਈ| ਸਮਾਗਮ ਦੌਰਾਨ ਛਾਬੜਾ ਭੈਣਾਂ ਅਤੇ ਪਤਵੰਤਿਆਂ ਵੱਲੋਂ ਸੱਭਿਆਚਾਰਕ ਗੀਤ ਅਤੇ ਅਧਿਆਪਕ ਦਿਵਸ ’ਤੇ ਵਿਚਾਰਾਂ ਪੇਸ਼ ਕੀਤੀਆਂ ਗਈਆਂ| ਇਸ ਮੌਕੇ ਲਗਪਗ 80 ਦੇ ਕਰੀਬ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।