ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 3 ਦਸੰਬਰ
ਦਿੜ੍ਹਬਾ ਦੇ ਪਸ਼ੂ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਦਿੜ੍ਹਬਾ ਵਾਸੀਆਂ ਨੂੰ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਥੋਂ ਦੇ ਡਾਕਟਰ ਦੀ ਪਿਛਲੇ ਮਹੀਨੇ ਬਦਲੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਕੋਈ ਵੀ ਡਾਕਟਰ ਨਹੀਂ ਹੈ। ਹਸਪਤਾਲ ਨੂੰ ਲੱਗਿਆ ਜਿੰਦਰਾ ਦਿਖਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਥੇਦਾਰ ਹਰਬੰਸ ਸਿੰਘ ਦਿੜ੍ਹਬਾ ਅਤੇ ਦਿੜ੍ਹਬਾ ਦੇ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਜਿਹੜਾ ਡਾਕਟਰ ਡਿਉਟੀ ਕਰ ਰਿਹਾ ਸੀ, ਉਸ ਦੀ ਬਦਲੀ ਹੋਣ ਕਾਰਨ ਹਸਪਤਾਲ ਨੂੰ ਜਿੰਦਾ ਹੀ ਲੱਗਿਆ ਮਿਲਦਾ ਹੈ ਜਿਸ ਕਰਕੇ ਦਿੜ੍ਹਬਾ ਵਾਸੀਆਂ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਭਾਰੀ ਮੁਸ਼ਕਲ ਆ ਰਹੀ ਹੈ। ਰੋਜ਼ਾਨਾ ਹੀ ਦਰਜਨਾਂ ਪਸ਼ੂ ਪਾਲਕ ਵਾਪਿਸ ਮੁੜਦੇ ਹਨ। ਉਨ੍ਹਾਂ ਦੱਸਿਆ ਕਿ ਪਸੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਫੈਲਣ ਕਾਰਨ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਇਹ ਬਿਮਾਰੀ ਆਪਣੀ ਲਪੇਟ ਵਿੱਚ ਨਾ ਲੈ ਲਵੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਜਦੋਂਕਿ ਦਿੜ੍ਹਬਾ ਦੇ ਪਸ਼ੂ ਹਸਪਤਾਲ ਵੱਲ ਕਾਂਗਰਸ ਪਾਰਟੀ ਦੇ ਮੌਜੂਦਾ ਸਥਾਨਕ ਆਗੂਆਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਆਗੂਆਂ ਦਾ ਵੀ ਇਸ ਪਾਸੇ ਕੋਈ ਧਿਆਨ ਨਹੀਂ ਜਿਸ ਕਰਕੇ ਲੋਕਾਂ ਦਾ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ ਕਿਉਂਕਿ ਲੋਕ ਮਸਲੇ ਹੱਲ ਕਰਨ ਵੱਲ ਇਨ੍ਹਾਂ ਆਗੂਆਂ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਦਿੜ੍ਹਬਾ ਦੇ ਪਸ਼ੂ ਹਸਪਤਾਲ ਵਿੱਚ ਜਲਦੀ ਡਾਕਟਰ ਭੇਜਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਹਸਪਤਾਲ ਦਾ ਵਾਧੂ ਚਾਰਜ ਹੈ ਪਰ ਉਨ੍ਹਾਂ ਖੁਦ ਅਤੇ ਦਰਜਾ ਚਾਰ ਮੁਲਾਜ਼ਮ ਦੀ ਡਿਉਟੀ ਪਿੰਡਾਂ ਵਿੱਚ ਵੈਕਸੀਨ ਲਗਾਉਣ ’ਤੇ ਲੱਗੀ ਹੋਈ ਹੈ।