ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਪੱਕੇ ਰੋਸ ਧਰਨੇ ਨੂੰ 345 ਦਿਨ ਬੀਤ ਚੁੱਕੇ ਹਨ ਪਰ ਕਿਸਾਨ ਬਗੈਰ ਕਿਸੇ ਢਿੱਲ ਤੋਂ ਰੋਸ ਧਰਨਿਆਂ ’ਚ ਲਗਾਤਾਰ ਪੁੱਜ ਰਹੇ ਹਨ। ਉਧਰ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਥੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਪੱਕੇ ਰੋਸ ਧਰਨੇ ਵੀ ਜਾਰੀ ਹਨ ਜਿਥੇ ਰੋਜ਼ਾਨਾ ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਸ਼ਾਮਲ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ ਹਨ।
ਸਟੇਸ਼ਨ ਨੇੜੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਰੰਜਣ ਸਿੰਘ ਦੋਹਲਾ ਨੇ ਕਿਹਾ ਕਿ ਮੁਜ਼ੱਫਰਨਗਰ ਅਤੇ ਕਰਨਾਲ ਵਿਖੇ ਹੋਈਆਂ ਕਿਸਾਨ ਰੈਲੀਆਂ ਨੇ ਕਿਸਾਨ ਅੰਦੋਲਨ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ ਅਤੇ ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਕਰਨਾਲ ਵਿਚ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਵੱਡੀ ਤਾਦਾਦ ’ਚ ਕਿਸਾਨਾਂ ਦਾ ਪੁੱਜਣਾ ਇਹ ਸਾਬਤ ਕਰਦਾ ਹੈ ਕਿ ਹੁਣ ਕਿਸਾਨ ਸਰਕਾਰ ਦੇ ਕਿਸੇ ਵੀ ਜਬਰ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਨਗੇ। ਬੁਲਾਰਿਆਂ ਨੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ 27 ਸਤੰਬਰ ਦੇ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਭਾਜਪਾ ਆਗੂ ਦੇ ਘਰ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ, ਕਰਮਜੀਤ ਮੰਗਵਾਲ, ਗੁਰਦੀਪ ਕੰਮੋਮਾਜਰਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸਟੇਸ਼ਨ ਨੇੜਲੇ ਰੋਸ ਧਰਨੇ ਨੂੰ ਇੰਦਰਪਾਲ ਸਿੰਘ ਪੁੰਨਾਂਵਾਲ, ਸਵਰਜੀਤ ਸਿੰਘ, ਨਿਰਮਲ ਸਿੰਘ ਬਟੜਿਆਣਾ, ਰੋਹੀ ਸਿੰਘ ਮੰਗਵਾਲ, ਹਰਪ੍ਰੀਤ ਕੌਰ ਖਾਲਸਾ, ਲੱਖਮੀ ਚੰਦ, ਰਘਵੀਰ ਸਿੰਘ ਛਾਜਲੀ, ਮਹਿੰਦਰ ਸਿੰਘ ਭੱਠਲ, ਬਲਵਿੰਦਰ ਸਿੰਘ ਬਡਰੁੱਖਾਂ, ਹਰਜੀਤ ਸਿੰਘ ਮੰਗਵਾਲ, ਮਲਕੀਤ ਸਿੰਘ, ਬਲਵੀਰ ਸਿੰਘ ਉਪਲੀ, ਮਹਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।