ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਜੁਲਾਈ
ਇਥੇ ਦੂਜੇ ਦਿਨ ਹੋਈ ਮੁਸਲਾਧਾਰ ਬਾਰਸ਼ ਕਾਰਨ ਰੇਲਵੇ ਵਿਭਾਗ ਵੱਲੋਂ ਆਵਾਜਾਈ ਦੇ ਲੰਘਣ ਲਈ ਬਣਾਇਆ 18 ਫੁੱਟ ਡੂਘੇ ਜ਼ਮੀਨਦੋਜ ਪੁਲ ’ਚ ਕਰੀਬ 16 ਫੁੱਟ ਤੱਕ ਪਾਣੀ ਭਰਨ ਕਰਕੇ ਆਵਾਜਾਈ ਠੱਪ ਹੋ ਗਈ ਤੇ ਅੱਧੇ ਇਲਾਕੇ ਦੀ ਆਵਾਜਾਈ ਠੱਪ ਹੋ ਗਈ।
ਰੇਲਵੇ ਲਾਈਨ ਵਿੱਚਕਾਰੋਂ ਲੰਘਣ ਕਰਕੇ ਜ਼ਮੀਨਦੋਜ਼ ਪੁਲ ਲਾਂਘੇ ਦਾ ਇੱਕੋ ਸਾਧਨ ਹੈ। ਉਧਰ ਸਵੇਰੇ ਲਗਾਤਾਰ ਪੰਜ ਘੰਟੇ ਬਾਰਸ਼ ਕਰਕੇ ਪਾਣੀ ਪੁਰਾਣੀ ਗਊਸ਼ਾਲਾ ਰੋਡ, ਹਰਚਰਨ ਨਗਰ ਕਲੋਨੀ, ਬਾਜ਼ਾਰ, ਟੈਲੀਫੋਨ ਐਕਸਚੇਂਜ, ਪੁਰਾਣੀ ਗਊਸ਼ਾਲਾ ਰੋਡ, ਹਸਪਤਾਲ, ਰੇਲਵੇ ਚੌਕ, ਅੜਕਵਾਸ ਰੋਡ, ਗਰਲਜ਼ ਸਕੂਲ, ਐੱਸਡੀਐੱਮ-ਮਾਰਕੀਟ ਕਮੇਟੀ ਦਫ਼ਤਰ ਅੱਗੇ ਕਈ ਕਈ ਫੁੱਟ ਪਾਣੀ ਖੜ੍ਹਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਦੇ ਘਰਾਂ ’ਚ ਵੀ ਪਾਣੀ ਦਾਖਲ ਹੋਣ ਦੀਆਂ ਖਬਰਾਂ ਹਨ।
ਪ੍ਰਸ਼ਾਸਨ ਅਨੁਸਾਰ ਜ਼ਮੀਨਦੋਜ਼ ਪੁਲ ਦੇ ਪਾਣੀ ਦੇ ਨਿਕਾਸ ਲਈ ਉਥੇ ਖੂਹ ਬਣਾਏ ਗਏ ਹਨ ਪਰ ਉਸ ਦੇ ਫਿਲਟਰਾਂ ’ਚ ਗੰਦਗੀ ਫਸਣ ਕਰਕੇ ਮੋਟਰਾਂ ਪੂਰਾ ਪਾਣੀ ਨਹੀਂ ਖਿੱਚਦੀਆਂ। ਨਗਰ ਕੌਂਸਲ ਦੇ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਵੱਡੀ ਪੱਧਰ ’ਤੇ ਜਮ੍ਹਾਂ ਪਾਣੀ ਟਰੈਕਟਰਾਂ ਨਾਲ ਚਾਰ ਮੋਟਰਾਂ ਲਾ ਕੇ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈੈ।