ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਅਕਤੂਬਰ
ਪੰਜਾਬ ਵਿੱਚ ਆੜ੍ਹਤੀਆਂ ਦੀ ਹੜਤਾਲ ਕਾਰਨ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਅਨਾਜ ਮੰਡੀਆਂ ਵਿੱਚ ਸੁੰਨ ਪੱਸਰੀ ਰਹੀ। ਇਸ ਦੌਰਾਨ ਆੜ੍ਹਤੀਆਂ ਨੇ ਸਥਾਨਕ ਅਨਾਜ ਮੰਡੀ ਵਿਚ ਰੋਸ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਅੱਜ ਸਥਾਨਕ ਅਨਾਜ ਮੰਡੀ ਪੂਰੀ ਤਰ੍ਹਾਂ ਖਾਲੀ ਨਜ਼ਰ ਆਈ ਤੇ ਮੰਡੀ ਵਿਚ ਝੋਨੇ ਦੀ ਫਸਲ ਦੀ ਇੱਕ ਵੀ ਢੇਰੀ ਨਹੀਂ ਸੀ। ਅਨਾਜ ਮੰਡੀ ਦੇ ਸ਼ੈੱਡਾਂ ਹੇਠਾਂ ਸਾਫ਼ ਸਫ਼ਾਈ ਲਈ ਤਿਆਰ ਖੜ੍ਹੀਆਂ ਝਾਰਾ ਲਾਉਣ ਵਾਲੀਆਂ ਮਸ਼ੀਨਾਂ ਝੋਨੇ ਦੀ ਫਸਲ ਦੀ ਉਡੀਕ ਵਿਚ ਹਨ।
ਦੂਜੇ ਪਾਸੇ ਕਿਸਾਨ ਵੀ ਆੜ੍ਹਤੀਆਂ ਦੀ ਹੜਤਾਲ ’ਤੇ ਨਜ਼ਰ ਰੱਖ ਰਹੇ ਹਨ ਕਿਉਂਕਿ ਹੜਤਾਲ ਖਤਮ ਮਗਰੋਂ ਹੀ ਉਹ ਫ਼ਸਲ ਨੂੰ ਮੰਡੀ ਲੈ ਕੇ ਆਉਣਗੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਦਾ ਕਹਿਣਾ ਹੈ ਕਿ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਬਾਰੇ ਸਰਕਾਰ ਨੂੰ ਜਾਣੂ ਕਰਵਾਉਂਦਿਆਂ ਪਹਿਲੀ ਅਕਤੂਬਰ ਤੋਂ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਸਰਕਾਰ ਨੇ ਹੜਤਾਲ ਦੇ ਐਲਾਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੇਕਰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਮਸਲਾ ਕਦੋਂ ਦਾ ਨਿਬੜਿਆ ਹੁੰਦਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ/ਚਾਰ ਦਿਨਾਂ ਵਿਚ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਜਾਵੇਗੀ। ਜੇਕਰ ਸਰਕਾਰ ਨੇ ਜਲਦ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਨਾਜ ਮੰਡੀਆਂ ਵਿਚ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ ਜਿਸ ਕਾਰਨ ਕਿਸਾਨਾਂ ਨੂੰ ਵੀ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਆੜ੍ਹਤੀਆ ਐਸੋੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸਨ ਕੁਮਾਰ ਤੁੰਗਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਨਾਲ ਮੀਟਿੰਗ ਕਰਕੇ ਮੰਗਾਂ ਪੂਰੀਆਂ ਕਰੇ। ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ। ਬਾਸਮਤੀ ਝੋਨੇ ਦੀ ਫਸਲ ਮੰਡੀਆਂ ਵਿਚ ਪੁੱਜ ਰਹੀ ਹੈ ਜੋ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਚ ਕਰੀਬ 4000 ਮੀਟਰਕ ਟਨ ਦੀ ਪ੍ਰਾਈਵੇਟ ਖਰੀਦ ਹੋ ਚੁੱਕੀ ਹੈ।
ਧੂਰੀ ਵਿੱਚ ਆੜ੍ਹਤੀਆਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਧੂਰੀ (ਬੀਰਬਲ ਰਿਸ਼ੀ/ਪਵਨ ਕੁਮਾਰ ਵਰਮਾ): ਆੜ੍ਹਤੀਆ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਮੰਗਾਂ ਦੇ ਹੱਕ ’ਚ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਰਹੀ। ਦਾਣਾ ਮੰਡੀ ਧੂਰੀ ਦੇ ਸਮੂਹ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਤੱਕ ਰੋਸ ਮਾਰਚ ਕਰਦਿਆਂ ਤਿੰਨ ਘੰਟੇ ਤੱਕ ਧਰਨਾ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆੜ੍ਹਤੀਏ ਆਪਣੀ ਆੜ੍ਹਤ 2.5 ਫ਼ੀਸਦ ਕਰਨ, ਕਪਾਹ ਤੇ ਮੂੰਗੀ ਦੀ ਫਸਲ ’ਤੇ ਆੜ੍ਹਤ ਬਹਾਲ ਕੀਤੀ ਜਾਵੇ, ਪੀਐਫ ਦੇ ਰੂਪ ਵਿੱਚ ਪੰਜਾਬ ਦੇ ਆੜ੍ਹਤੀਆਂ ਦਾ 50 ਕਰੋੜ ਰੁਪਏ ਵਾਪਸ ਕੀਤਾ ਜਾਵੇ, ਗੱਲਾ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰ ਰਹੇ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਧੂਰੀ ਤੋਂ ਲੋਕ ਨੁਮਾਇੰਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਆੜ੍ਹਤੀਆਂ ਨਾਲ ਬੀਤੀ ਕੱਲ੍ਹ ਚੰਡੀਗੜ੍ਹ ’ਚ ਸਮਾਂ ਦੇ ਕੇ ਮੀਟਿੰਗ ਨਾ ਕਰਨ ਵਿਰੁੱਧ ਭੜਾਸ ਕੱਢੀ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਅਗਾਮੀ ਜ਼ਿਮਨੀ ਚੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆੜ੍ਹਤੀਆਂ ਦੇ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਲਈ ਆਖਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕੁਲ-ਹਿੰਦ ਕਿਸਾਨ ਸਭਾ ਦੇ ਅਮਰੀਕ ਸਿੰਘ ਕਾਂਝਲਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਾਬੂ ਸਿੰਘ ਮੂਲੋਵਾਲ ਨੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਲੋੜ ਪੈਣ ’ਤੇ ਸਰਗਰਮ ਹਮਾਇਤ ਦੇਣ ਦਾ ਐਲਾਨ ਕੀਤਾ। ਧਰਨੇ ਨੂੰ ਆੜ੍ਹਤੀਆ ਆਗੂ ਗੁਰਦੀਪ ਸਿੰਘ, ਜਾਗ ਸਿੰਘ ਭੁੱਲਰਹੇੜੀ, ਹਰਦੇਵ ਸਿੰਘ ਵੜੈਚ, ਹਰਵਿੰਦਰ ਸ਼ਰਮਾ ਤੇ ਪ੍ਰਦੀਪ ਮਿੱਤਲ ਆਦਿ ਨੇ ਸੰਬੋਧਨ ਕੀਤਾ।