ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ
ਸਰਕਾਰੀ ਸਕੂਲ ਕੰਮੋਮਾਜਰਾ ਕਲਾਂ ਵਿਚ ਜਗਦੇਵ ਸਿੰਘ ਗਰੇਵਾਲ ਦੀ ਸਮੁੱਚੀ ਟੀਮ ਵੱਲੋਂ ਤੀਆਂ ਦਾ ਮੇਲਾ ਲਗਾਇਆ ਗਿਆ| ਇਸ ਦੀ ਅਗਵਾਈ ਜਸਵਿੰਦਰ ਸਿੰਘ ਸਰਪੰਚ, ਅੰਮਿ੍ਤਪਾਲ ਸਿੰਘ, ਪਰਮਦੀਪ ਸਿੰਘ, ਯਾਦਵਿੰਦਰ ਸਿੰਘ, ਜੋਗਾ ਸਿੰਘ ਅਤੇ ਆਕਾਸ਼ਦੀਪ ਨੇ ਕੀਤੀ|
ਇਸ ਮੌਕੇ ਬਲੱਡ ਡੋਨਰਜ਼ ਵੈੱਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਸਮਾਜ ਸੇਵਕ ਜਗਦੀਸ਼ ਗਰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ| ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜੋ ਪੁਰਾਤਨ ਸਮੇਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ| ਉਨ੍ਹਾਂ ਇਸ ਦੌਰਾਨ ਸ੍ਰੀ ਗਰੇਵਾਲ ਤੇ ਸਮੁੱਚੀ ਟੀਮ ਨੂੰ ਪਹਿਲਾ ਤੀਆਂ ਦਾ ਮੇਲਾ ਕਰਵਾਉਣ ’ਤੇ ਵਧਾਈ ਦਿੱਤੀ| ਇਸ ਮੌਕੇ ਸ੍ਰੀ ਗਰੇਵਾਲ ਨੇ ਦੱਸਿਆ ਕਿ ਮੇਲੇ ਦੌਰਾਨ ਬੱਚਿਆਂ ਦਾ ਸਵਾਲ-ਜਵਾਬ ਦਾ ਮੁਕਾਬਲਾ ਵੀ ਕਰਵਾਇਆ ਗਿਆ ਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ|
ਦੇਵੀਗੜ੍ਹ (ਪੱਤਰ ਪ੍ਰੇਰਕ): ਜੱਜ ਮਾਡਰਨ ਸਕੂਲ ਬਹਾਦਰਪੁਰ ਫਕੀਰਾਂ ਵਿਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਦੌਰਾਨ ਕੁੜੀਆਂ ਦਾ ਮਹਿੰਦੀ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਸ ਮੁਕਾਬਲੇ ਵਿੱਚੋਂ ਪਲਕ ਕੌਰ ਨੇ ਪਹਿਲਾ, ਨਵਪ੍ਰੀਤ ਕੌਰ ਨੇ ਦੂਜਾ ਅਤੇ ਨਮਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਗੁਰੱਪ ਵਿੱਚ ਅਮਨਦੀਪ ਨੇ ਪਹਿਲਾ, ਨੇਹਾ ਦੇਵੀ ਨੇ ਦੂਜਾ ਅਤੇ ਨਿਸ਼ਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾਇਰੈਕਟਰ ਸੰਤੋਖ ਸਿੰਘ ਤੇ ਪ੍ਰਿੰਸੀਪਲ ਨਵਤੇਜ ਸਿੰਘ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।
ਬੋਲੀਆਂ ਤੇ ਗਿੱਧੇ ਨਾਲ ਰੰਗ ਬੰਨ੍ਹਿਆ
ਦੇਵੀਗੜ੍ਹ: ਟੈਗੋਰ ਇੰਟਰਨੈਸ਼ਨ ਸਕੂਲ ਅਕਬਰਪੁਰ ਵਿਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਪਾ ਕੇ ਆਏ। ਬੱਚਿਆਂ ਨੇ ਪੰਜਾਬੀ ਬੋਲੀਆਂ ਅਤੇ ਗਿੱਧਾ ਪਾ ਕੇ ਰੰਗ ਬੰਨ੍ਹਿਆ। ਸਕੂਲ ਮੈਨੇਜਰ ਗੌਰਵ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।