ਪੱਤਰ ਪ੍ਰੇਰਕ
ਲਹਿਰਾਗਾਗਾ, 5 ਅਕਤੂਬਰ
ਇੱਥੇ ਵਿਲੇਜ਼ ਜੈ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਧੂਮ-ਧਾਮ ਨਾਲ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਤੋਂ ਪਹਿਲਾਂ ਕਲੱਬ ਵੱਲੋਂ ਬਾਜ਼ਾਰ ਵਿੱਚ ਰਾਮ ਚੰਦਰ ਅਤੇ ਰਾਵਨ ਦੀਆਂ ਝਾਕੀਆਂ ਕੱਢੀਆਂ। ਇੱਥੇ ਵਰਿੰਦਰ ਬੰਟੀ ਦੀ ਅਗਵਾਈ ਹੇਠ ਰਾਮ ਲੀਲਾ ਦਾ ਮੰਚਨ ਕੀਤਾ ਗਿਆ। ਦਸਹਿਰੇ ਸਬੰਧੀ ਗਾਇਕ ਬਿਲਾਸ ਦਾ ਅਖਾੜਾ ਲਗਾਇਆ ਗਿਆ। ਇਸੇ ਤਰ੍ਹਾਂ ਪਿੰਡ ਗਾਗਾ ਅਤੇ ਲੇਹਲ ਕਲਾਂ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸੰਗਤ ਨੇ ਦਸਮੀ ਦੇ ਦਿਹਾੜੇ ’ਤੇ ਮੱਥਾ ਟੇਕਿਆ। ਹਲਕਾ ਵਿਧਾਇਕ ਬਰਿੰਦਰ ਗੋਇਲ, ਦੀਪਕ ਜੈਨ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ, ਜੀਪੀਐਫ ਦੇ ਪ੍ਰਧਾਨ ਸੰਜੀਵ ਰੋਡਾ, ਆਰਕੇ ਗੁਪਤਾ, ਸੀਨੀਅਰ ਕੌਂਸਲਰ ਸੋਰਵ ਗੋਇਲ ਨੇ ਲੋਕਾਂ ਨੂੰ ਦਸਹਰੇ ਦੀ ਵਧਾਈ ਦਿੱਤੀ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਨਗਰ ਖੇੜਾ ਰਾਜਪੁਰਾ ਵਿੱਚ ਸੇਵਾ ਸਮਿਤੀ ਵੱਲੋਂ ਤਿਆਰ ਕਰਵਾਏ ਗਏ ਬੁੱਤਾਂ ਨੂੰ ਵਿਧਾਇਕਾ ਨੀਨਾ ਮਿੱਤਲ ਨੇ ਅਗਨੀ ਭੇਟ ਕੀਤੀ। ਇਸ ਤੋਂ ਇਲਾਵਾ ਝੰਡਾ ਗਰਾਊਂਡ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਫੋਕਲ ਪੁਆਇੰਟ ਵਿੱਚ ਭਾਜਪਾ ਨੇਤਾ ਜਗਦੀਸ਼ ਕੁਮਾਰ ਜੱਗਾ, ਮਿਰਚ ਮੰਡੀ ਵਿਖੇ ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਨੇ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕੀਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਵਿੱਚ ਦਸਹਿਰਾ ਮਨਾਇਆ। ਵਿਦਿਆਰਥਣ ਰੂਪਕਿਰਨ ਕੌਰ, ਸੁਖਮਨਪ੍ਰੀਤ ਕੌਰ, ਸ਼ੁਭਰੀਤ ਕੌਰ, ਰੋਹਿਤ, ਮਨਿੰਦਰ ਤੇ ਰਾਜਵੀਰ ਨੇ ਝਾਕੀ ਕੱਢੀ। ਸਕੂਲ ਡਾਇਰੈਕਟਰ ਸੰਤੋਖ ਸਿੰਘ ਨੇ ਦਸਹਿਰੇ ਬਾਰੇ ਦੱਸਿਆ। ਇਸੇ ਦੌਰਾਨ ਡੇਰਾ ਬਾਬਾ ਸ਼ੰਕਰ ਗਿਰ ਔਲੀਆ ਦੇਵੀਗੜ੍ਹ ਵਿੱਚ ਦਸਹਿਰਾ ਮਨਾਇਆ ਗਿਆ। ਇਸ ਮੌਕੇ ਡੇਰਾ ਬਾਬਾ ਮਾਨ ਸਿੰਘ ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮਾਧ ’ਤੇ ਮੱਥਾ ਟੇਕਿਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਸਨਾਤਨ ਧਜਮ ਰਾਮ ਲੀਲਾ ਸਭਾ ਧੂਰੀ ਵੱਲੋਂ ਪ੍ਰਧਾਨ ਗਿਆਨ ਚੰਦ, ਚੇਅਰਮੈਨ ਵੇਦ ਪ੍ਰਾਕਸ਼, ਜਨਰਲ ਸਕੱਤਰ ਹੰਸ ਰਾਜ ਬਜਾਜ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਵਿੱਚ ਦਸਹਿਰਾ ਮਨਾਇਆ ਗਿਆ। ਸ਼ਹਿਰ ਦੇ ਬਾਜ਼ਾਰਾਂ ਵਿੱਚ ਕੱਢੀ ਸ਼ੋਭਾ ਯਾਤਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਧੂਰੀ ਦੇ ਸੰਦੀਪ ਤਾਇਲ, ਚੌਧਰੀ ਪਵਨ ਕੁਮਾਰ ਵਰਮਾ ਹਾਜ਼ਰ ਸਨ।
ਸਮਾਣਾ (ਪੱਤਰ ਪ੍ਰੇਰਕ): ਸਮਾਣਾ ਦੇ ਦੁਰਗਾ ਰਾਮਾ ਡਰਾਮਾਟਿਕ ਕਲੱਬ ਵੱਲੋਂ ਦਸਹਿਰਾ ਗਰਾਊਂਡ ਵਿੱਚ ਅਚਾਰੀਆ ਰਾਮ ਤੀਰਥ ਦੀ ਸਰਪ੍ਰਸਤੀ ਹੇਠ ਦਸਹਿਰਾ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਭਵਰ ਲਾਲ ਜੈਨ, ਰਮੇਸ਼ ਗਰਗ ਨੇ ਸ਼ਿਰਕਤ ਕੀਤੀ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਅਮਰਗੜ੍ਹ (ਪੱਤਰ ਪ੍ਰੇਰਕ): ਮਾਲੇਰਕੋਟਲਾ ਦੇ ਐੱਸਡੀਐੱਮ ਨੇ ਇੱਥੇ ਦਸਹਿਰਾ ਗਰਾਊਂਡ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੁਲੀਸ ਨੇ ਭੀੜ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਰਾਮਾ ਕਲੱਬ ਦੇ ਪ੍ਰਧਾਨ ਪ੍ਰਿੰਸ ਜੋਸ਼ੀ ਨੇ ਦੱਸਿਆ ਕਿ ਰਾਮ ਲੀਲਾ ਦੌਰਾਨ ਕੋਈ ਸਮਾਜ ਵਿਰੋਧੀ ਘਟਨਾ ਨਹੀਂ ਹੋਈ। ਇਸ ਮੌਕੇ ਗੁਰਦੀਪ ਸਿੰਘ, ਹਰਿੰਦਰ ਸਿੰਘ ਟਿਵਾਣਾ, ਪ੍ਰਦੀਪ ਜੱਗੀ, ਗੁਰਦਾਸ ਸਿੰਘ ਹਾਜ਼ਰ ਸਨ।
ਸੁਨਾਮ ਵਿੱਚ ਰਾਵਣ ਦੀ ਪੂਜਾ ਕੀਤੀ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਡਾ. ਅੰਬੇਦਕਰ ਸਭਾ ਪੰਜਾਬ ਦੀ ਇਕਾਈ ਸੁਨਾਮ ਵੱਲੋਂ ਪ੍ਰਧਾਨ ਹਰਜਸ ਸਿੰਘ ਖਡਿਆਲ ਦੀ ਪ੍ਰਧਾਨਗੀ ਹੇਠ ਧਰਮਸ਼ਾਲਾ ਰਵਿਦਾਸਪੁਰਾ ਟਿੱਬੀ ਵਿੱਚ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਕੀਤੀ ਗਈ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭੋਲਾ ਸਿੰਘ ਸੰਗਰਾਮੀ ਨੇ ਨਿਭਾਈ ਅਤੇ ਸ਼ੁਰੂਆਤ ਕ੍ਰਾਂਤੀਕਾਰੀ ਗੀਤ ਗਾ ਕੇ ਕੀਤੀ। ਸਭਾ ਨੇ ਮਤਾ ਪਾਸ ਕੀਤਾ ਕਿ ਹਰ ਸਾਲ ਦਸਹਿਰੇ ਮੌਕੇ ਰਾਵਣ ਦਾ ਪੁਤਲਾ ਫੂਕ ਕੇ ਨਿਰਾਦਰ ਕਰਨਾ ਗਲਤ ਅਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਇੰਨੇ ਪੁਤਲਿਆਂ ਦਾ ਧੂੰਆਂ ਪਲੀਤ ਕਰਦਾ ਹੈ। ਸਭਾ ਨੇ ਮੰਗ ਰੱਖੀ ਕਿ ਮਹਾਤਮਾ ਰਾਵਣ ਦਾ ਪੁਤਲਾ ਫੂਕਣ ’ਤੇ ਕਾਨੂੰਨੀ ਪਾਬੰਦੀ ਲਾਈ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਜੀਤ ਸਿੰਘ ਬੰਗਾ, ਹਰਵਿੰਦਰ ਸਿੰਘ ਪੱਪਣ, ਪ੍ਰਿੰਸੀਪਲ ਗੁਰਮੇਲ ਸਿੰਘ, ਜਸਮੇਲ ਸਿੰਘ, ਸੁਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮਲਵਿੰਦਰ ਸਿੰਘ ਬੀਰਕਲਾਂ, ਹਰਨੇਕ ਸਿੰਘ, ਗੁਰਤੇਜ ਸਿੰਘ, ਤੀਰਥ ਸਿੰਘ ਤੇ ਪਰਮਜੀਤ ਕੌਰ ਹਾਜ਼ਰ ਸਨ।