ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਦਸੰਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਜਿਥੇ ਦਿੱਲੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਦਿੱਲੀ ਸੰਘਰਸ਼ ਲਈ ਲੋਕਾਂ ਨੂੰ ਲਾਮਬੰੰਦ ਕਰਨ ਵਾਸਤੇ ਪਿੰਡਾਂ ਵਿਚ ਜਾਗਰੂਕਤਾ ਮਾਰਚ ਕੱਢੇ ਗਏ ਜਿਨ੍ਹਾਂ ਵਿਚ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਅੱਜ ਪਿੰਡ ਸੋਹੀਆਂ, ਕੰਮੋਮਾਜਰਾ ਕਲਾਂ, ਖੇੜੀ, ਕੁਲਾਰ ਖੁਰਦ, ਕਨੋਈ, ਤੁੰਗਾਂ, ਉਭਾਵਾਲ ਆਦਿ ਵਿਚ ਦਿੱਲੀ ਸੰਘਰਸ਼ ਦੀ ਗੂੰਜ਼ ਪਈ। ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨਾਂ ਤੇ ਬੀਬੀਆਂ ਵਲੋਂ ਪਿੰਡਾਂ ਵਿਚ ਮਾਰਚ ਕੱਢਦਿਆਂ ਲੋਕਾਂ ਨੂੰ ‘ਦਿੱਲੀ ਚੱਲੋ’ ਦਾ ਹੋਕਾ ਦਿੱਤਾ ਗਿਆ। ਇਸ ਦੌਰਾਨ ਯੂਨੀਅਨ ਆਗੂ ਗੋਬਿੰਦਰ ਸਿੰਘ ਮੰਗਵਾਲ, ਗੁਰਦੀਪ ਸਿੰਘ ਕੰਮੋਮਾਜਰਾ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ ਅਤੇ ਰਣਜੀਤ ਸਿੰਘ ਜੀਤੀ ਨੇਦੌਰਾਨ ਕਿਹਾ ਕਿ 26 ਅਤੇ 27 ਦਸੰਬਰ ਨੂੂੰ ਕਰੀਬ 30 ਹਜ਼ਾਰ ਕਿਸਾਨ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ। 15 ਹਜ਼ਾਰ ਕਿਸਾਨ 26 ਦਸੰਬਰ ਨੂੰ ਖਨੌਰੀ ਬਾਰਡਰ ਤੋਂ ਅਤੇ 15 ਹਜ਼ਾਰ ਕਿਸਾਨ 27 ਦਸੰਬਰ ਨੂੂੰ ਡੱਬਵਾਲੀ ਬਾਰਡਰ ਤੋਂ ਦਿੱਲੀ ਕੂਚ ਕਰਨਗੇ ਜਿਸ ਦੀ ਤਿਆਰੀ ਲਈ ਪਿੰਡਾਂ ਵਿਚ ਮਾਰਚ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਦੋਂ ਕਿ 24 ਦਸੰਬਰ ਨੂੰ ਅਨਾਜ ਮੰਡੀ ਸੰਗਰੂਰ ਵਿਚ ਬਲਾਕ ਪੱਧਰ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ ਅਤੇ ਸ਼ਹਿਰ ਵਿਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਜਾਵੇਗਾ।
ਸਮਾਣਾ (ਸੁਭਾਸ਼ ਚੰਦਰ): ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ ਦਾ ਸਮਰਥਨ ਕਰਦਿਆਂ ਪਬਲਿਕ ਕਾਲਜ ਸਮਾਣਾ ਦੇ ਟੀਚਿੰਗ, ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀਆਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਡਾ. ਅਰਵਿੰਦਰ ਕੌਰ ਕਾਕੜਾ ਵੱਲੋੀ ਪ੍ਰਧਾਨ ਮੰਤਰੀ ਦੇ ਨਾਮ ਐੱਸਡੀਐਮ ਨੂੰ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਗਵਾਈ ਹੇਠ ਪੈਨਸ਼ਨਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਸ਼ਹਿਰ ਵਿਚ ਮਾਰਚ ਕੱਢਿਆ ਗਿਆ ਅਤੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਸਥਾਨਕ ਬੱਸ ਸਟੈਂਡ ਨੇੜੇ ਪੈਨਸ਼ਨਰ ਦਫ਼ਤਰ ਵਿੱਚ ਰੋਸ ਰੈਲੀ ਕੀਤੀ ਗਈ। ਮਗਰੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਡੀਸੀ ਕੰਪਲੈਕਸ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਅਤੇ ਸਰਕਲ ਸਕੱਤਰ ਕਾਮਰੇਡ ਮੋਹਨ ਲਾਲ ਨੇ ਕਿਹਾ ਕਿ ਪਾਵਰਕੌਮ ਦੇ ਪੰਜਾਬ ਭਰ ਦੇ ਪੈਨਸ਼ਨਰ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਗੁਰਨਾਮ ਸਿੰਘ ਸੁਨਾਮ, ਜ਼ੋਰਾ ਸਿੰਘ ਮਾਝੀ, ਸੀਤਾ ਰਾਮ ਲਹਿਰਾ, ਜਰਨੈਲ ਸਿੰਘ ਸੰਗਰੂਰ, ਰਾਮਜੀਤ ਸ਼ਾਰਦਾ, ਸ਼ਸੀ ਭੂਸ਼ਣ, ਇੰਦਰਜੀਤ ਸਿੰਘ ਸ਼ਾਮਲ ਸਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਗਾਲੀਵਾਲਾ ’ਚ ਮਾਰਚ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਪਿੰਡ ਚੰਗਾਲੀਵਾਲਾ ਵਿੱਚ 26 ਦਸੰਬਰ ਨੂੰ ਦਿੱਲੀ ਚੱਲੋ ਅੰਦੋਲਨ ਤਹਿਤ ਅੱਜ ਮਾਰਚ ਕੀਤਾ ਗਿਆ ਅਤੇ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਸਾਰੇ ਪਿੰਡ ਦੇ ਘਰ ਘਰ ਜਾ ਕੇ ਦਿੱਲੀ ਚਲੋ ਅੰਦੋਲਨ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਵਿਸ਼ਾਲ ਮਾਰਚ ਤਿੰਨ ਦਿਨ ਲਗਾਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡਾਂ ਵਿਚ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਕੱਲ੍ਹ ਪਿੰਡ ਵਿੱਚੋਂ ਰਾਸ਼ਨ ਇਕੱਠਾ ਕੀਤਾ ਗਿਆ। ਇਸੇ ਦੌਰਨ ਪਿੰਡ ਚੰਗਾਲੀਵਾਲਾ ਦੇ ਕਿਸਾਨ ਮਜ਼ਦੂਰਾਂ ਨੇ ਇਕੱਠੇ ਹੋ ਕੇ ਇੱਥੇ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ । ਸੂਬਾ ਆਗੂ ਹਰਭਗਵਾਨ ਸਿੰਘ ਨੇ ਸੰਬੋਧਨ ਕੀਤਾ ਕਿ 36 ਕਿਸਾਨ ਮਜ਼ਦੂਰਾਂ ਨੇ ਇਸ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਦਿੱਤੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ। ਇਸ ਮੌਕੇ 24 ਨੂੰ ਮੂਨਕ ਵਿੱਚ ਧਰਨੇ ਬਾਰੇ ਜਾਣਕਾਰੀ ਦਿੱਤੀ ਅਤੇ 26 ਨੂੰ ਦਿੱਲੀ ਅੰਦੋਲਨ ਵਿਚ ਜਾਣ ਲਈ ਜਾਗਰੂਕ ਕੀਤਾ। ਇਸ ਮੌਕੇ ਜੋਰਾ ਸਿੰਘ ਖਜ਼ਾਨਚੀ ,ਪਾਲਵਿੰਦਰ ਸਿੰਘ ਸੈਕਟਰੀ, ਸ਼ੇਰਾ ਸਿੰਘ ਜਨਰਲ ਸਕੱਤਰ, ਸੁਖਚੈਨ ਸਿੰਘ ਮਜ਼ਦੂਰ ਆਗੂ ਹਾਜ਼ਰ ਸਨ।