ਰਮੇਸ਼ ਭਾਰਦਵਾਜ
ਲਹਿਰਾਗਾਗਾ , 1 ਅਪਰੈਲ
ਬੇਸ਼ੱਕ ਪੰਜਾਬ ਸਰਕਾਰ ਨੇ ਦਸ ਅਪਰੈਲ ਤੋਂ ਕਣਕ ਖਰੀਦਣ ਦਾ ਫੈਸਲਾ ਕੀਤਾ ਹੈ ਪਰ ਨੇੜਲੇ ਪਿੰਡ ਭੁਟਾਲ ਕਲਾਂ ’ਚ ਕਿਸਾਨ ਖੇਤਾਂ ’ਚ ਖੜ੍ਹੀ ਫਸਲ ਦੀ ਵਾਢੀ ਕਰਨ ਨੂੰ ਤਿਆਰ ਹਨ। ਇਸ ਮੌਕੇ ਕੋਈ ਕੰਬਾਈਨ ਖੇਤਾਂ ਜਾਂ ਸੜਕਾਂ ’ਤੇ ਨਜ਼ਰ ਨਹੀਂ ਆਈ ਪਰ ਪਿੰਡ ਭੁਟਾਲ ਕਲਾਂ ਦੇ ਇੱਕ ਦਲਿਤ ਪਰਿਵਾਰ ਦੀ ਬੀਏਐੱਲਐੱਲਬੀ ਪਾਸ ਐਡਵੋਕੇਟ ਮਨਿੰਦਰ ਕੌਰ, ਬੀਐੱਡ ਪਾਸ ਲੜਕੀ ਪਰਮਜੀਤ ਕੌਰ ਅਤੇ ਬੀਐੱਡ ਵਿਦਿਆਰਥਣ ਗੁਰਮੀਤ ਕੌਰ ਨੇ ਦਵਿੰਦਰ ਸਿੰਘ ਦੀ ਡੇਢ ਏਕੜ ’ਚ ਖੜ੍ਹੀ ਫਸਲ ਦੀ ਵਾਢੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਦਸ ਅਪਰੈਲ ਨਹੀਂ ਉਡੀਕ ਸਕਦੇ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ ਅਤੇ ਹਵਾ ਅਤੇ ਹਨੇਰੀ ਕਣਕ ਦਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬਹੁਤੇ ਕਿਸਾਨ ਦਿੱਲੀ ਸੰਘਰਸ਼ ’ਚ ਗਏ ਹੋਏ ਹਨ ਜਿਸ ਕਰਕੇ ਉਨ੍ਹਾਂ ਨੇ ਕਣਕ ਦੀ ਹੱਥੀਂ ਵਾਢੀ ਕਰਕੇ ਪਰਿਵਾਰ ਦਾ ਹੱਥ ਵਟਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁੂਟਾਲ ਨੇ ਪੰਜਾਬ ਸਰਕਾਰ ਵੱਲੋਂ ਕਣਕ ਖਰੀਦਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ’ਚ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ।