ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਅਗਸਤ
ਪੰਜਾਬ ਸਰਕਾਰ ਨੇ ਲਗਾਤਾਰ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਵਿਚ ਖੇਤੀਬਾੜੀ ਵਿਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਪਾਣੀ ਅਤੇ ਬਿਜਲੀ ਬਚਾਉਣ ਲਈ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ ਅਤੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਬਾਗਬਾਨੀ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਨਿਰਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜਿਥੇ ਝੋਨੇ ਦੀ ਫਸਲ ਦੀ ਬਜਾਏ ਬਦਲਵੀਆਂ ਹੋਰ ਫਸਲਾਂ ਨੂੰ ਤਰਜੀਹ ਦੇਣ ਵਾਲੇ ਕਿਸਾਨਾਂ ਨੂੰ 17500/-ਰੁਪਏ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਹੈ ਉਥੇ ਨਵਾਂ ਬਾਗ ਲਗਾਉਣ ਲਈ ਪ੍ਰਤੀ ਏਕੜ 10 ਹਜ਼ਾਰ ਰੁਪਏ ਦੀ ਉਤਸ਼ਾਹਿਤ ਰਾਸ਼ੀ ਸਕੀਮ ਵੀ ਲਾਗੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਵਿੱਚ “ਬਿਜਲੀ, ਪਾਣੀ ਬਚਾਓ, ਬਾਗਬਾਨੀ ਅਪਣਾਓ, ਰਵਾਇਤੀ ਫ਼ਸਲਾਂ ਨਾਲੋਂ ਵਧੇਰੇ ਆਮਦਨ ਪਾਓ” ਦੇ ਨਾਅਰੇ ਹੇਠ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵਾਂ ਬਾਗ ਲਗਾਉਣ ਲਈ ਪ੍ਰਤੀ ਏਕੜ 10 ਹਜ਼ਾਰ ਰੁਪਏ ਦੀ ਉਤਸ਼ਾਹਿਤ ਰਾਸ਼ੀ ਸਕੀਮ ਲਾਗੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪ੍ਰਤੀ ਏਕੜ 10 ਹਜ਼ਾਰ ਰੁਪਏ ਦੀ ਉਤਸ਼ਾਹਿਤ ਰਾਸ਼ੀ ਮਿਲੇਗੀ ਅਤੇ ਇਸ ਸਕੀਮ ਲਈ ਬਾਗ, ਡਰਿੱਪ ਸਿਸਟਮ ਤਹਿਤ ਲੱਗਿਆ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਡਰਿੱਪ ਸਿਸਟਮ ਲਗਾਉਣ ਲਈ ਭੂਮੀ ਤੇ ਪਾਣੀ ਸੰਭਾਲ ਵਿਭਾਗ ਵੱਲੋਂ ਸਬਸਿਡੀ ਦਾ ਪ੍ਰਬੰਧ ਵੀ ਹੈ।