ਗੁਰਦੀਪ ਸਿੰਘ ਲਾਲੀ/ਬੀਰਇੰਦਰ ਸਿੰਘ ਬਨਭੌਰੀ
ਸੰਗਰੂਰ, 6 ਜਨਵਰੀ
ਇੱਥੋਂ ਨੇੜਲੇ ਪਿੰਡ ਘਾਬਦਾਂ ਵਿੱਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚੋਂ 8 ਨਸ਼ਾ ਪੀੜਤ ਨੌਜਵਾਨ ਫਰਾਰ ਹੋ ਗਏ। ਇਨ੍ਹਾਂ ਵਿੱਚੋਂ 7 ਨੌਜਵਾਨ ਹਿਰਾਸਤੀ ਦੱਸੇ ਜਾ ਰਹੇ ਹਨ ਜਦੋਂ ਕਿ ਇੱਕ ਜਣਾ ਪਰਿਵਾਰ ਵੱਲੋਂ ਨਸ਼ਾ ਛੱਡਣ ਲਈ ਭਰਤੀ ਕਰਵਾਇਆ ਹੋਇਆ ਸੀ। ਫਰਾਰ ਹੋਏ ਨੌਜਵਾਨਾਂ ਉੱਤੇ ਪੁਲੀਸ ਕਰਮੀਆਂ ਅਤੇ ਕੇਂਦਰ ਦੇ ਸਟਾਫ ਉੱਤੇ ਹਮਲਾ ਕਰਨ ਦਾ ਦੋਸ਼ ਹੈ।
ਪੁਲੀਸ ਅਨੁਸਾਰ ਫਰਾਰ ਹੋਣ ਵਾਲਿਆਂ ’ਚ ਸੱਤ ਨੌਜਵਾਨ ਉਹ ਵੀ ਸ਼ਾਮਲ ਹਨ ਜਿਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਵੱਖ-ਵੱਖ ਕੇਸ ਦਰਜ ਹਨ ਅਤੇ ਨਸ਼ੇ ਦੇ ਆਦੀ ਹੋਣ ਕਾਰਨ ਉਨ੍ਹਾਂ ਨੂੰ ਅਦਾਲਤ ਵੱਲੋਂ ਸਵੈ ਇੱਛਾ ਅਨੁਸਾਰ ਇੱਥੋਂ ਦੇ ਨਸ਼ਾ ਛੁਡਾਊ ਕੇਂਦਰ ’ਚ ਭੇਜਿਆ ਗਿਆ ਸੀ। ਪੁਲੀਸ ਮੁਲਾਜ਼ਮਾਂ ਅਨੁਸਾਰ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਧੱਕਾ-ਮੁੱਕੀ ਕਰਦਿਆਂ ਪਲੇਟਾਂ ਨਾਲ ਹਮਲਾ ਕਰ ਦਿੱਤਾ ਤੇ ਪਲੇਟਾਂ ਨਾਲ ਸ਼ੀਸ਼ੇ ਤੋੜ ਕੇ ਦਰਵਾਜ਼ੇ ਤੋਂ ਭੱਜ ਗਏ ਪ੍ਰੰਤੂ ਤੁਰੰਤ ਹਰਕਤ ’ਚ ਆਏ ਸਟਾਫ ਨੇ ਉਨ੍ਹਾਂ ਵੱਲੋਂ ਇੱਕ ਮਰੀਜ਼ ਨੂੰ ਮੌਕੇ ’ਤੇ ਕਾਬੂ ਕਰ ਲਿਆ। ਘਟਨਾ ਦੀ ਪੁਸ਼ਟੀ ਕਰਦਿਆਂ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਈਸ਼ਾਨ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਤੋਂ ਫ਼ਰਾਰ ਹੋਏ ਇੱਕ ਨੌਜਵਾਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ 8 ਮਰੀਜ਼ ਹਾਲੇ ਵੀ ਫਰਾਰ ਹਨ।
ਸਿਵਲ ਸਰਜਨ ਸੰਗਰੂਰ ਡਾ. ਕ੍ਰਿਪਾਲ ਸਿੰਘ ਅਨੁਸਾਰ ਪੁਲੀਸ ਪ੍ਰਸਾਸ਼ਨ, ਸਿਹਤ ਵਿਭਾਗ ਅਤੇ ਮਰੀਜ਼ਾਂ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਸਦਰ ਸੰਗਰੂਰ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ਼ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭੱਜਣ ਵਾਲੇ ਮਰੀਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਨਡੀਪੀਐਸ ਐਕਟ ਤਹਿਤ ਹਿਰਾਸਤੀ ਮਰੀਜ਼ ਅਦਾਲਤ ਰਾਹੀਂ ਸਵੈ ਇੱਛਾ ਨਾਲ ਇਸ ਸੈਂਟਰ ਵਿੱਚ ਭਰਤੀ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਮੁੜ ਫੜੇ ਜਾਣ ਉੱਤੇ ਇਨ੍ਹਾਂ ਮਰੀਜ਼ਾਂ ਨੇ ਨਸ਼ਾ ਛੱਡਣ ਦੀ ਇੱਛਾ ਜਤਾਈ ਤਾਂ ਉਨ੍ਹਾਂ ਨੂੰ ਇਸ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ।