ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਅਗਸਤ
ਵਾਰਡ ਨੰਬਰ 15 ਦੀ ਕਾਠ ਪੁਲ ਬਸਤੀ ਵਿੱਚ ਰਾਤ ਸਮੇਂ ਚਾਰ ਲੁਟੇਰੇ ਇੱਕ ਘਰ ਅੰਦਰ ਵੜ ਕੇ ਪਿਸਤੌਲ ਨਾਲ ਡਰਾਉਂਦਿਆਂ ਬਜ਼ੁਰਗ ਜੋੜੇ ਸ੍ਰੀਰਾਮ ਅਤੇ ਉਸ ਦੀ ਪਤਨੀ ਸ਼ਿੰਗਾਰੀ ਦੇਵੀ ਨੂੰ ਬੰਦੀ ਬਣਾਉਣ ਮਗਰੋਂ ਸੋਨਾ, ਨਕਦੀ ਅਤੇ ਹੋਰ ਸਾਮਾਨ ਲੁੱਟ ਕੇ ਲੈ ਗਏ। ਜਾਣਕਾਰੀ ਅਨੁਸਾਰ ਬਿਜਲੀ ਬੋਰਡ ’ਚੋਂ ਸੇਵਾਮੁਕਤ ਲਾਈਨਮੈਨ ਸ੍ਰੀਰਾਮ ਕਾਠ ਪੁਲ ਬਸਤੀ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਉਸ ਨੇ ਘਰ ਦਾ ਇੱਕ ਕਮਰਾ ਕਿਰਾਏ ’ਤੇ ਦਿੱਤਾ ਹੋਇਆ ਹੈ।
ਪੀੜਤ ਸ੍ਰੀਰਾਮ ਨੇ ਦੱਸਿਆ ਕਿ ਰਾਤ ਲਗਪਗ ਡੇਢ ਵਜੇ ਚਾਰ ਨਕਾਬਪੋਸ਼ਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਪਰਨੇ ਤੇ ਚੁੰਨੀ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੇ ਪਹਿਨੇ ਹੋਏ ਗਹਿਣੇ ਉਤਾਰ ਲਏ। ਬਾਅਦ ’ਚ ਲੁਟੇਰਿਆਂ ਨੇ ਇੱਕ ਘੰਟਾ ਘਰ ਦੀ ਤਲਾਸ਼ੀ ਲਈ ਅਤੇ ਸੋਨੇ ਦੀ ਮੁੰਦਰੀ, ਚੇਨੀ, ਟੌਪਸ, ਏਟੀਐੱਮ ਕਾਰਡ ਤੇ ਬੈਂਕ ਦੀ ਕਾਪੀ ਆਦਿ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਕਿਰਾਏਦਾਰ ਮਨਪ੍ਰੀਤ ਸਿੰਘ ਦੇ ਕਮਰੇ ’ਚ ਵੀ ਸਾਮਾਨ ਫਰੋਲਿਆ ਅਤੇ ਬਾਹਰੋਂ ਕੁੰਡੀ ਬੰਦ ਕਰ ਦਿੱਤੀ। ਸ੍ਰੀਰਾਮ ਮੁਤਾਬਕ ਇਸ ਮਗਰੋਂ ਲੁਟੇਰੇ ਉਨ੍ਹਾਂ ਨੂੰ ਰੌਲਾ ਨਾ ਪਾਉਣ ਦੀ ਧਮਕੀ ਦਿੰਦਿਆਂ ਬਾਹਰੋਂ ਕੁੰਡਾ ਲਾ ਕੇ ਫ਼ਰਾਰ ਹੋ ਗਏ। ਬਾਅਦ ’ਚ ਕਿਰਾਏਦਾਰ ਨੇ ਕਿਸੇ ਤਰ੍ਹਾਂ ਆਪਣੇ ਕਮਰੇ ਦੀ ਕੁੰਡੀ ਖੋਲ੍ਹਣ ਮਗਰੋਂ ਬਜ਼ੁਰਗ ਜੋੜੇ ਨੂੰ ਵੀ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਰੌਲਾ ਪਾਉਣ ’ਤੇ ਇਕੱਠੇ ਗੁਆਂਢੀਆਂ ਨੇ ਲੁਟੇਰਿਆਂ ਦੀ ਭਾਲ ਕੀਤੀ ਤਾਂ ਘੱਗਰ ਨਹਿਰ ਕਿਨਾਰੇ ਉਨ੍ਹਾਂ ਦਾ ਚੋਰੀ ਕੀਤਾ ਟਰੰਕ ਬਰਾਮਦ ਹੋਇਆ। ਡੀਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਘਰ ’ਚ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਥਾਣਾ ਸਿਟੀ ’ਚ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।