ਪੱਤਰ ਪ੍ਰੇਰਕ
ਭਵਾਨੀਗੜ੍ਹ, 26 ਜੂਨ
ਜੋਆਇੰਟ ਫੋਰਮ ਪੀਐੱਸਈਸੀਐੱਸ (ਬਿਜਲੀ ਬੋਰਡ) ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦੇ ਵਿਰੋਧ ਵਿੱਚ ਅੱਜ ਇਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹੰਸ ਰਾਜ, ਸੁਖਦਰਸ਼ਨ ਸਿੰਘ ਅਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਦਾ ਮੁਲਾਜਮ, ਮਜ਼ਦੂਰ ਅਤੇ ਲੋਕ ਵਿਰੋਧੀ ਫੈਸਲਾ ਕਰਕੇ ਆਪਣਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਨਾਲ ਹਜਾਰਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਪਰ ਇਸ ਫੈਸਲੇ ਨਾਲ ਸਭ ਕੁੱਝ ਤਬਾਹ ਹੋ ਜਾਵੇਗਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਪੀਐਸਈਬੀ ਐਂਪਲਾਈਜ ਜੋਆਇਟ ਫੋਰਮ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਖਿਲਾਫ ਡਿਵੀਜ਼ਨ ਦਫ਼ਤਰ ਅੱਗੇ ਬਠਿੰਡਾ ਥਰਮਲ ਪਲਾਂਟ ਦੀ 1760 ਏਕੜ ਜ਼ਮੀਨ ਵੇਚਣ ਵਿਰੁੱਧ ਅਰਥੀ ਸਾੜ ਕੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਬਿਜਲੀ ਕਾਮਿਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਦੇ ਲੋਕ ਮੁਲਾਜ਼ਮਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨਗੇ।
ਦੇਵੀਗੜ੍ਹ (ਪੱਤਰ ਪ੍ਰੇਰਕ): ਅੱਜ ਐਂਪਲਾਈਜ਼ ਫੈਡਰੇਸ਼ਨ ਸਬ ਡਵੀਜ਼ਨ ਦੇਵੀਗੜ੍ਹ ਤੇ ਰੌਹੜ ਜਾਗੀਰ ਦੇ ਆਹੁਦੇਦਾਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਬ੍ਰਿਜ ਮੋਹਨ ਚੌਪੜਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਹਾਜ਼ਰ ਸਨ। ਇਸ ਮੌਕੇ ਆਗੂਆਂ ਨੇ ਹੋਰਨਾਂ ਮੰਗਾਂ ਵੀ ਛੇਤੀ ਮੰਨਣ ਦੀ ਅਪੀਲ ਕੀਤੀ।
ਰਾਜਪੁਰਾ (ਪੱਤਰ ਪ੍ਰੇਰਕ): ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਸਰਕਲ ਪਟਿਆਲਾ ਦੇ ਪ੍ਰਧਾਨ ਰਜਿੰਦਰ ਸਿੰਘ, ਗੁਰਬਚਨ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਮਨਜੀਤ ਸਿੰਘ ਦੀ ਅਗਵਾਈ ਹੇਠ ਬਿਜਲੀ ਮੁਲਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਗਾਂ ਨਾ ਮੰਨਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
ਅਮਰਗੜ੍ਹ (ਪੱਤਰ ਪ੍ਰੇਰਕ): ਅੱਜ ਬਿਜਲੀ ਮੁਲਾਜ਼ਮਾਂ ਨੇ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਵਿਜੇ ਕੁਮਾਰ, ਭਜਨ ਸਿੰਘ, ਦਲਬਾਰਾ ਸਿੰਘ, ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਤੇ ਮਨਪ੍ਰੀਤ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪਾਤੜਾਂ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅਰਥੀ ਫੂਕ ਮੁਜ਼ਾਹਰਾ ਮੰਡਲ ਦਫ਼ਤਰ ਪਾਤੜਾਂ ਸਾਹਮਣੇ ਕੀਤਾ ਗਿਆ। ਇਸ ਮੌਕੇ ਰਣਬੀਰ ਸਿੰਘ , ਬਲਵੰਤ ਰਾਮ ਸ਼ਰਮਾ ਅਤੇ ਪੈਨਸ਼ਨਰਜ ਆਗੂ ਖਿਆਲੀ ਰਾਮ ਨੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਤੇ ਬਠਿੰਡਾ ਥਰਮਲ ਪਲਾਂਟ ਦੇ ਵੇਚਣ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ।
ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਲੌਂਗੋਵਾਲ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਜੁਆਇੰਟ ਫੋਰਮ ਦੇ ਸੱਦੇ ਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਬਿਜਲੀ ਗਰਿੱਡ ਲੌਂਗੋਵਾਲ ਅੱਗੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਨਾਅਰਬੇਾਜ਼ੀ ਕੀਤੀ ਗਈ। ਇਸ ਮੌਕੇ ਦੱਖਣ ਜ਼ੋਨ ਦੇ ਸਕੱਤਰ ਬਲਵਿੰਦਰ ਸਿੰਘ ਲੌਂਗੋਵਾਲ ਨੇ ਸੰਬਧਨ ਕੀਤਾ।