ਹਰਦੀਪ ਸਿੰਘ ਸੋਢੀ
ਧੂਰੀ, 2 ਮਾਰਚ
ਧੂਰੀ ਰੇਲਵੇ ਜੰਕਸਨ ਦੇ ਬਿਜਲੀਕਰਨ ਅਤੇ ਡਬਲ ਲਾਈਨ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਲੰਰੇ ਰੂਟਾਂ ਦੀਆਂ ਰੇਲਗੱਡੀਆਂ ਬਠਿੰਡਾ ਤੋਂ ਅੰਬਾਲਾ, ਲੁਧਿਆਣਾ ਤੋਂ ਜਾਖਲ ਵਾਇਆ ਧੂਰੀ ਹੋ ਕੇ ਚੱਲ ਸਕਣਗੀਆਂ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਦੀ ਆਵਾਜਾਈ ਵਧ ਜਾਵੇਗੀ। ਇਸ ਗੱਲ ਤੋਂ ਧੂਰੀ ਦਾ ਵਪਾਰੀ ਵਰਗ ਖੁਸ਼ ਹੈ ਕਿਉਂਕਿ ਰੇਲਾਂ ਦੀ ਆਵਾਜਾਈ ਵਧਣ ਨਾਲ ਵੱਖ-ਵੱਖ ਸ਼ਹਿਰਾਂ ਤੋਂ ਵੱਡੇ ਵਪਾਰੀ ਧੂਰੀ ਆ ਕੇ ਆਪਣਾ ਵਪਾਰ ਕਰ ਸਕਣਗੇ।
ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਧੂਰੀ ਰੇਲਵੇ ਸਟੇਸ਼ਨ ’ਤੇ ਵੱਡੇ ਰੂਟਾਂ ਦੀਆਂ ਰੇਲਗੱਡੀਆਂ ਚਲਾਉਣ ਲਈ ਵਪਾਰ ਮੰਡਲ ਵੱਲੋਂ ਰੇਲਵੇ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ, ਜਿਸ ਕਾਰਨ ਇਹ ਕੰਮ ਜਲਦੀ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਧੂਰੀ ਰੇਲਵੇ ਸਟੇਸ਼ਨ ’ਤੇ ਲੁਧਿਆਣਾ ਤੋਂ ਜਾਖਲ, ਬਠਿੰਡਾ ਤੋਂ ਅੰਬਾਲਾ ਵਾਇਆ ਧੂਰੀ ਦਰਜਨਾਂ ਰੇਲਗੱਡੀਆਂ ਚੱਲਣ ਨਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਮੁੰਬਈ, ਗੁਜਰਾਤ, ਅਹਿਮਦਾਬਾਦ ਤੋਂ ਵਪਾਰੀ ਧੂਰੀ ਆ ਸਕਣਗੇ, ਜਿਸ ਨਾਲ ਧੂਰੀ ਸ਼ਹਿਰ ਦੇ ਵਪਾਰੀਆਂ ਨੂੰ ਚੰਗਾ ਲਾਭ ਮਿਲੇਗਾ ਅਤੇ ਸਮੇਂ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਰੇਲਗੱਡੀਆਂ ਦੇ ਵਧਣ ਨਾਲ ਵਪਾਰੀਆਂ, ਵਿਦਿਆਰਥੀਆਂ, ਸਰਕਾਰੀ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਇਸ ਨਾਲ ਧੂਰੀ ਤੋਂ ਰੋਜ਼ਾਨਾ ਆਪਣੇ ਕੰਮਾਂ-ਕਾਰਾਂ ਲਈ ਵੱਡੇ ਸ਼ਹਿਰਾਂ ਨੂੰ ਜਾਂਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਲਾਈਨਾਂ ’ਤੇ ਰੇਲਾਂ ਚਲਾਉਣ ਦੇ ਟਰਾਇਲ ਦਾ ਕੰਮ ਪੂਰਾ: ਸਟੇਸ਼ਨ ਮਾਸਟਰ
ਧੂਰੀ ਦੇ ਰੇਲਵੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਬਠਿੰਡਾ ਤੋਂ ਅੰਬਾਲਾ ਵਾਇਆ ਧੂਰੀ ਡਬਲ ਲਾਈਨ ਤੇ ਬਿਜਲੀਕਰਨ ਦਾ ਕੰਮ ਪੂਰਾ ਹੋਣ ਨੇੜੇ ਹੈ ਅਤੇ ਲੁਧਿਆਣਾ ਤੋਂ ਜਾਖਲ ਵਾਇਆ ਧੂਰੀ ਲਾਈਨ ਦਾ ਬਿਜਲੀਕਰਨ ਤੇ ਡਬਲ ਲਾਈਨ ਪਾਉਣ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ। ਜਲਦੀ ਹੀ ਰੇਲਵੇ ਵਿਭਾਗ ਇਨ੍ਹਾਂ ਲਾਈਨਾਂ ’ਤੇ ਲੰਬੇ ਰੂਟਾਂ ਦੀਆਂ ਰੇਲਾਂ ਚਲਾਉਣ ਲਈ ਹਰੀ ਝੰਡੀ ਦੇਵੇਗਾ। ਇਨ੍ਹਾਂ ਲਾਈਨਾਂ ’ਤੇ ਰੇਲਗੱਡੀਆਂ ਚਲਾਉਣ ਦਾ ਟਰਾਇਲ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿਕ ਰੋਨਾ ਮਹਾਮਾਰੀ ਕਾਰਨ ਕੁਝ ਰੇਲਾਂ ਬੰਦ ਕਰਨੀਆਂ ਪਈਆਂ ਸਨ ਅਤੇ ਹੁਣ ਕੁਝ ਰੇਲਗੱਡੀਆਂ ਚਲਾਈਆਂ ਗਈਆਂ ਹਨ ਪਰ ਹੁਣ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋਣ ਨਾਲ ਦਰਜਨਾਂ ਨਵੀਆਂ ਰੇਲਗੱਡੀਆਂ ਚੱਲਣ ਜਾ ਰਹੀਆਂ।