ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਦਸੰਬਰ
ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਲਾਗੂ ਕਰਨ ’ਚ ਹੋ ਰਹੀ ਦੇਰੀ ਤੋਂ ਖਫ਼ਾ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਸੰਘਰਸ਼ ਤਹਿਤ 7 ਦਸੰਬਰ ਨੂੰ ਪੰਜਾਬ ਭਰ ਵਿੱਚ ਤਹਿਸੀਲ ਪੱਧਰ ’ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਅਤੇ 11 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਸੂਬਾ ਪੱਧਰ ’ਤੇ ਉਲੀਕੇ ਸੰਘਰਸ਼ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ ਨੇ ਦੱਸਿਆ ਕਿ ਪੰਜ ਸਾਲਾਂ ਦੇ ਅਰਸੇ ਮਗਰੋਂ ਕੀਤੀਆਂ ਜਾ ਰਹੀਆਂ ਤਰੱਕੀਆਂ ਦੀ ਸੂਚੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਕਈ ਦਿਨਾਂ ਤੋਂ ਡੀਪੀਆਈ ਦਫ਼ਤਰ ਨੂੰ ਪ੍ਰਵਾਨਗੀ ਹਿੱਤ ਭੇਜੇ ਜਾਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਵਾਰ-ਵਾਰ ਭਰੋਸੇ ਦੇ ਕੇ ਡੰਗ ਟਪਾ ਕੇ, ਪ੍ਰਵਾਨਗੀ ਨਾ ਦੇ ਕੇ, ਜਾਣ-ਬੁੱਝ ਕੇ ਚੋਣ ਜ਼ਾਬਤੇ ਦੀ ਭੇਟ ਚੜ੍ਹਾਉਣ ਦਾ ਮਨ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਐਲੀਮੈਂਟਰੀ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਐਲੀਮੈਂਟਰੀ ਦਫ਼ਤਰ ਵੱਲੋਂ ਤਰੱਕੀਆਂ ਨੂੰ ਪ੍ਰਵਾਨਗੀ ਨਾ ਦੇ ਕੇ ਅਧਿਆਪਕ ਵਰਗ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਨਿਯੁਕਤੀਆਂ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਹੈ ਪਰ ਇਸ ਵਾਰ ਜਾਣਬੁੱਝ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰ ਕੇ ਤਰੱਕੀਆਂ ਨਾ ਕਰਨ ਦੀ ਨੀਤੀ ਬਣਾ ਕੇ ਪ੍ਰਵਾਨਗੀ ਲਈ ਲਿਸਟਾਂ ਡੀਪੀਆਈ ਦਫ਼ਤਰ ਮੰਗਵਾਈਆਂ ਜਾ ਰਹੀਆਂ ਹਨ ਜੋ ਬਿਲਕੁਲ ਗਲਤ ਹੈ।
ਇਸ ਦੇ ਨਾਲ ਹੀ ਮਾਸਟਰ ਕੇਡਰ ਪ੍ਰਮੋਸ਼ਨਾਂ ਵਿੱਚ ਹੋ ਰਹੀ ਦੇਰੀ ਦਾ ਵੀ ਸਖ਼ਤ ਨੋਟਿਸ ਲਿਆ ਗਿਆ। ਤਰੱਕੀਆਂ ਦੇ ਆਰਡਰ ਕਰਨ ’ਚ ਕੀਤੀ ਜਾਂ ਰਹੀ ਦੇਰੀ ਦੇ ਰੋਸ ਵਜੋਂ ਐਲੀਮੈਂਟਰੀ ਅਧਿਆਪਕਾਂ ਵੱਲੋਂ ਸੋਮਵਾਰ ਸ਼ਾਮ ਤੱਕ ਸੂਚੀਆਂ ਜਾਰੀ ਨਾ ਹੋਣ ਦੀ ਹਾਲਤ ਵਿੱਚ 7 ਦਸੰਬਰ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਲਈ ਅਧਿਆਪਕ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।