ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਦਸੰਬਰ
ਤਰੱਕੀਆਂ ਨਾ ਕਰਨ ਦੇ ਰੋਸ ਵਜੋਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਤਹਿਸੀਲ ਪੱਧਰੀ ਪ੍ਰੋਗਰਾਮ ਤਹਿਤ ਐਲੀਮੈਂਟਰੀ ਅਧਿਆਪਕਾਂ ਨੇ ਇਥੇ ਡੀਸੀ ਕੰਪਲੈਕਸ ਅੱਗੇ ਸਿੱਖਿਆ ਮੰਤਰੀ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਅਵਤਾਰ ਸਿੰਘ ਭਲਵਾਨ, ਜੋਤਿੰਦਰ ਸਿੰਘ ਜੋਤੀ ਤੇ ਨੀਰਜ ਅਗਰਵਾਲ ਨੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਕੰਮ ਠੱਪ ਪਿਆ ਹੋਣ ਕਾਰਨ ਅਧਿਆਪਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਤਰੱਕੀਆਂ ਲਈ ਕਾਫ਼ੀ ਸਮੇਂ ਤੋਂ ਅਧਿਆਪਕ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਜਾਣ ਬੁੱਝ ਕੇ ਅਧਿਆਪਕ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ। ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਦੀ ਨਿਰੋਲ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫਸਰ ਦੀ ਹੁੰਦੀ ਹੈ, ਜਦੋਂਕਿ ਇਸ ਵਾਰ ਉੱਚ ਅਧਿਕਾਰੀਆਂ ਤੋਂ ਮਨਜੂਰੀ ਲੈਣ ਦੇ ਨਾਂ ’ਤੇ ਨਵੀਂ ਪਿਰਤ ਪਾ ਕੇ ਸ਼ਕਤੀਆ ਦਾ ਕੇਂਦਰੀਕਰਨ ਕਰਦੇ ਹੋਏ ਅਧਿਆਪਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤਰੱਕੀ ਦੀਆਂ ਲਿਸਟਾਂ ਉੱਚ ਅਧਿਕਾਰੀਆਂ ਨੂੰ ਭੇਜਿਆਂ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਮਨਜ਼ੂਰੀ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 11 ਦਸੰਬਰ ਨੂੰ ਜਲੰਧਰ ਵਿੱਚ ਸਿੱਖਿਆ ਮੰਤਰੀ ਦੇ ਘਿਰਾਓ ਲਈ ਰੱਖੇ ਗਏ ਸੂਬਾ ਪੱਧਰੀ ਧਰਨੇ ਵਿੱਚ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਜਿਸ ਸਬੰਧੀ ਸਾਰੀ ਰਣਨੀਤੀ ਬਣਾ ਲਈ ਗਈ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਤਿਆਰ ਪਈਆਂ ਤਰੱਕੀ ਦੀਆਂ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ ਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇ। ਇਸ ਮੌਕੇ ਬਲਜੀਤ ਸਿੰਘ, ਜਸਵੀਰ ਸਿੰਘ ਲੱਡਾ, ਲਖਵੀਰ ਸਿੰਘ, ਹਰਮਿੰਦਰਜੀਤ ਸਿੰਘ, ਗੁਰਿੰਦਰਜੀਤ ਕੌਰ, ਸੁਮਨ ਬਾਲਾ ਆਦਿ ਹਾਜ਼ਰ ਸਨ।