b
ਜ਼ਿਲ੍ਹਾ ਸੰਗਰੂਰ ਦੇ ਮਾਲ ਵਿਭਾਗ ਕੋਲ ਉਰਦੂ ਭਾਸ਼ਾ ਵਿੱਚ ਪਏ ਰਿਕਾਰਡ ਦੀ ਹਾਲਤ ਬੇਹੱਦ ਮਾੜੀ ਹੈ। ਇਸ ਦੀ ਸਾਂਭ-ਸੰਭਾਲ ਵੱਲ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਗੋਂ ਜ਼ਮੀਨਾਂ ਨਾਲ ਸਬੰਧਤ ਬੇਸ਼ਕੀਮਤੀ ਰਿਕਾਰਡ ਰੇਤੇ ਵਾਂਗ ਕਿਰਦਾ ਜਾ ਰਿਹਾ ਹੈ। ਸੂਚਨਾ ਅਧਿਕਾਰ ਐਕਟ ਵਿੱਚ ਇਸ ਸਬੰਧੀ ਜਵਾਬ ਦਿੰਦੇ ਹੋਏ ਵਿਭਾਗ ਨੇ ਲਿਖਿਆ ਹੈ ਕਿ ਜ਼ਮੀਨਾਂ ਦੇ ਇਸ ਰਿਕਾਰਡ ਨੂੰ ਸਾਫ-ਸੁਥਰੇ ਕੱਪੜੇ ਦੇ ਬਸਤਿਆਂ ਵਿੱਚ ਬੰਨ੍ਹ ਕੇ ਰੈਕ ਵਿੱਚ ਰੱਖਿਆ ਹੋਇਆ ਹੈ ਅਤੇ ਡਾਇਰੈਕਟਰ ਭੌਂ-ਰਿਕਾਰਡ ਪੰਜਾਬ ਨੂੰ ਉਰਦੂ ਵਿੱਚ ਪਏ ਰਿਕਾਰਡ ਦੀ ਸੰਭਾਲ ਲਈ ਗਰਾਂਟ ਦੇਣ ਲਈ ਲਿਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ. ਮਾਹਿਰ ਬ੍ਰਿਸ਼ ਭਾਨ ਬੁਜਰਕ ਨੇ ਦੱਸਿਆ ਕਿ ਲੋਕ ਸੂਚਨਾ ਅਧਿਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਕੋਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਮਾਲ ਵਿਭਾਗ ਕੋਲ ਉਰਦੂ ਵਿੱਚ ਪਏ ਜ਼ਮੀਨਾਂ ਦੇ ਰਿਕਾਡਰ ਦੀ ਸੰਭਾਲ ਸਬੰਧੀ ਜਾਣਕਾਰੀ ਮੰਗੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਉਰਦੂ ਭਾਸ਼ਾ ਵਿੱਚ ਪਿਆ ਰਿਕਾਰਡ ਸਾਂਭ-ਸੰਭਾਲ ਤੋਂ ਬਿਨਾਂ ਰੇਤਾਂ ਵਾਂਗ ਕਿਰਦਾ ਜਾ ਰਿਹਾ ਹੈ ਅਤੇ ਇਸ ਰਿਕਾਰਡ ਨੂੰ ਸਾਂਭਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਪਹਿਲਾਂ ਤਾਂ ਮਾਲ ਵਿਭਾਗ ਵੱਲੋਂ ਮੰਗੀ ਗਈ ਜਾਣਕਾਰੀ ‘ਤੇ ਸਵਾਲੀਆ ਚਿੰਨ੍ਹ ਲਗਾ ਕੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਮਾਮਲਾ ਪੰਜਾਬ ਰਾਜ ਸੂਚਨਾ ਕਮਿਸਨ ਕੋਲ ਜਾਣ ਤੋਂ ਬਾਅਦ ਭੇਜੇ ਗਏ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਡਾਇਰੈਕਟਰ ਭੌਂ-ਰਿਕਾਰਡ ਪੰਜਾਬ ਨੂੰ ਪੱਤਰ ਨੰਬਰ 643 ਮਿਤੀ 7-4-2021 ਰਾਹੀਂ 5 ਲੱਖ ਰੁਪਏ ਦੇ ਕਰੀਬ ਗਰਾਂਟ ਭੇਜਣ ਲਈ ਲਿਖਿਆ ਗਿਆ ਹੈ ਤਾਂ ਕਿ ਉਰਦੂ ਭਾਸ਼ਾ ਵਿੱਚ ਪਏ ਰਿਕਾਰਡ ਦੀ ਸੰਭਾਲ ਕੀਤੀ ਜਾ ਸਕੇ। ਬ੍ਰਿਸ਼ ਭਾਨ ਬੁਜਰਕ ਨੇ ਕਿਹਾ ਕਿ ਇਸ ਤੋਂ ਬਿਨਾਂ ਰਿਕਾਰਡ ਨੂੰ ਸੰਭਾਲਣ ਲਈ ਜ਼ਿਲ੍ਹਾ ਪੱਧਰ ’ਤੇ ਯਤਨ ਕਰਨ ਦੇ ਨਾਲ ਹੀ ਸਾਫ-ਸੁਥਰੇ ਕੱਪੜੇ ਦੇ ਬਸਤਿਆਂ ਵਿੱਚ ਬੰਨ੍ਹ ਕੇ ਰਿਕਾਰਡ ਨੂੰ ਅਲਮਾਰੀਆਂ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਸਾਰਾ ਰਿਕਾਰਡ ਮਿੱਟੀ ਵਾਂਗ ਕਿਰਦਾ ਦਾ ਰਿਹਾ ਸੀ।