ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 20 ਦਸੰਬਰ
ਦਿੱਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਅਤੇ ਮੋਦੀ ਸਰਕਾਰ ਖਿਲਾਫ਼ ਹਿੰਦੁਸਤਾਨ ਲੀਵਰ ਐਂਪਲਾਈਜ਼ ਯੂਨੀਅਨ ਦੇ ਕਾਰਕੁਨਾਂ ਵੱਲੋਂ ਟਾਊਨ ਦੇ ਡਾ. ਭੀਮ ਰਾਓ ਅੰਬੇਦਕਰ ਚੌਕ ਨੇੜੇ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਚੰਗੇ ਰਾਮ ਤੇ ਮਾਮ ਚੰਦ ਸਮੇਤ ਹੋਰਨਾਂ ਕਾਮਿਆਂ ਵੱਲੋਂ ਨਰਿੰਦਰ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਾਲੇ ਖੇਤੀ ਕਾਨੁੂੰਨ ਤੁਰੰਤ ਰੱਦ ਕੀਤੇ ਜਾਣ। ਇਸ ਉਪਰੰਤ ਯੂਨੀਅਨ ਕਾਰਕੁਨਾਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ।
ਐੱਨਆਰਆਈਜ਼ ਨੇ ਘਨੌਰੀ ਕਲਾਂ ਇਕਾਈ ਨੂੰ ਫੰਡ ਭੇਜਿਆ
ਸ਼ੇਰਪੁਰ (ਬੀਰਬਲ ਰਿਸ਼ੀ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਘੇਰੀ ਬੈਠੇ ਕਿਸਾਨਾਂ ਦੀ ਇੱਕ ਧਿਰ ਬੀਕੇਯੂ ਏਕਤਾ ਉਗਰਾਹਾਂ ਦੀ ਘਨੌਰੀ ਕਲਾਂ ਇਕਾਈ ਨੂੰ ਪਿੰਡ ਦੇ ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਨੇ ਫੰਡ ਭੇਜਿਆ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਅਤੇ ਧਰਮ ਸਿੰਘ ਘਨੌਰੀ ਨੇ ਦੱਸਿਆ ਕਿ ਕਿਸਾਨ ਇਕਾਈ ਨੂੰ ਐੱਨਆਰਆਈਜ਼ ਦਲਵੀਰ ਸਿੰਘ ਤੇ ਹਰਜੀਤ ਸਿੰਘ ਦੀ ਤਰਫ਼ੋਂ ਗੁਰਤੇਜ ਸਿੰਘ ਗੇਜਾ ਨੇ 38 ਹਜ਼ਾਰ ਰੁਪਏ, ਅਮਨਪ੍ਰੀਤ ਸਿੰਘ ਦੀ ਤਰਫ਼ੋਂ ਤਰਵਿੰਦਰ ਸਿੰਘ ਧੂਰੀ ਨੇ 21 ਹਜ਼ਾਰ ਰੁਪਏ, ਐੱਨਆਰਆਈ ਨਵਜੋਤ ਸਿੰਘ ਦੀ ਤਰਫ਼ੋਂ ਗੁਰਮੀਤ ਸਿੰਘ ਘਨੌਰੀ ਕਲਾਂ ਨੇ 5 ਹਜ਼ਾਰ ਰੁਪਏ ਦੀ ਰਾਸ਼ੀ ਫੰਡ ਦੇ ਰੂਪ ਵਿੱਚ ਭੇਟ ਕੀਤੀ ਗਈ ਹੈ।