ਪੱਤਰ ਪ੍ਰੇਰਕ
ਲਹਿਰਾਗਾਗਾ, 4 ਅਕਤੂਬਰ
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਅੱਜ ਡਿਵੀਜ਼ਨ ਲਹਿਰਾਗਾਗਾ ਵਿੱਚ ਗੇਟ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਿਵੀਜ਼ਨ ਪ੍ਰਧਾਨ ਰਾਮ ਚੰਦਰ ਸਿੰਘ ਖਾਈ, ਕਰਮਜੀਤ ਸਿੰਘ ਨੰਗਲਾ ਤੇ ਸੁਰਿੰਦਰ ਮੋਹਨ ਨੇ ਕੀਤੀ। ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਆਗੂ ਦਵਿੰਦਰ ਸਿੰਘ ਪਸੋਰ, ਮਹਿੰਦਰ ਸਿੰਘ, ਰਾਮ ਚੰਦਰ ਸਿੰਘ ਖਾਈ ਅਤੇ ਵੱਖ-ਵੱਖ ਬੁਲਾਰਿਆਂ ਨੇ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਬਹਾਲ ਕੀਤਾ ਜਾਵੇ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਠੀਕ ਕਰਕੇ ਪਿਛਲਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਕੱਟਿਆ ਹੋਇਆ ਪੇਂਡੂ ਭੱਤਾ ਬਹਾਲ ਕੀਤਾ ਜਾਵੇ, ਬੰਦ ਕੀਤਾ ਮੋਬਾਈਲ ਭੱਤਾ ਪੂਰਾ ਜਾਰੀ ਕੀਤਾ ਜਾਵੇ ਆਦਿ। ਉਨ੍ਹਾਂ ਕਿਹਾ ਕਿ ਜੇਕਰ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨਾ ਮੰਨੀਆਂ ਤਾਂ 18 ਅਕਤੂਬਰ 22 ਨੂੰ ਪਾਵਰਕੌਮ ਅਤੇ ਟਰਾਂਸਕੋ ਦੇ ਮੁੱਖ ਦਫਤਰ ਪਟਿਆਲਾ ਵਿੱਚ ਪੰਜਾਬ ਪੱਧਰ ਦਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਰੈਲੀ ਵਿੱਚ ਸਬ ਡਿਵੀਜ਼ਨ ਪ੍ਰਧਾਨ ਜਗਸੀਰ ਸਿੰਘ, ਗੁਰਛੈਬਰ ਸਿੰਘ ਪਸੋਰ, ਬਲਕਾਰ ਸਿੰਘ, ਖੁਸ਼ਦੀਪ ਸਿੰਘ, ਰਵੀ ਸ਼ਰਮਾ, ਹਰਦੀਪ ਸਿੰਘ, ਜਸਵੀਰ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ।