ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਜੂਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮਾਂ ਵਲੋਂ ਡੀਸੀ ਕੰਪਲੈਕਸ ਵਿੱਚ ਸਥਿਤ ਦਫ਼ਤਰਾਂ ਦਾ ਕੰਮਕਾਜ ਠੱਪ ਕਰਦਿਆਂ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲੀ ਮੁਲਾਜ਼ਮਾਂ ਵਲੋਂ ਡੀਸੀ ਕੰਪਲੈਕਸ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਪੇਅ ਕਮਿਸ਼ਨ ’ਚ ਮੁਲਾਜ਼ਮਾਂ ਨਾਲ ਕੀਤੀ ਬੇਇਨਸਾਫ਼ੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਲਈ ਪ੍ਰੇਰਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀ ਰਿਪੋਰਟ ਵਿਚ ਅਨੇਕਾਂ ਖਾਮੀਆਂ ਹਨ ਜਿਸ ਨੂੰ ਸੋਧ ਕੇ ਜਾਰੀ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਪੂਨੀਆਂ, ਸਰਪ੍ਰਸਤ ਬਲਵਿੰਦਰ ਸੋਹੀ ਅਤੇ ਚੇਅਰਮੈਨ ਬਲਵਿੰਦਰ ਅੱਤਰੀ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਪਰੰਤੂ ਚੋਣਾਂ ਜਿੱਤਣ ਮਗਰੋਂ ਹੀ ਮੁਲਾਜ਼ਮਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਹੁਣ 4 ਸਾਲਾਂ ਬਾਅਦ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਸਮੇਂ ਸਰਕਾਰ ਵੱਲੋਂ ਮੁਲਾਜ਼ਮਾਂ ਵਿੱਚ ਪਾੜ ਪਾਉਣ ਦੀ ਨੀਅਤ ਨਾਲ ਅਲੱਗ ਅਲੱਗ ਰੇਸ਼ੋ ਵਿੱਚ ਵਾਧਾ ਕਰਨ ਦੀ ਤਜਵੀਜ਼ ਰੱਖੀ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀ ਕੰਮ ਛੋੜ ਹੜਤਾਲ 27 ਜੂਨ ਤੱਕ ਜਾਰੀ ਰਹੇਗਾ। ਜੇਕਰ ਸਰਕਾਰ ਨੇ ਪੇਅ ਕਮਿਸ਼ਨ ਦੀ ਰਿਪੋਰਟ ਵਿਚ ਮੁਲਾਜ਼ਮਾਂ ਨੂੰ ਬਰਾਬਰ ਲਾਭ ਦੇਣ ਬਾਰੇ ਸੋਧ ਨਾ ਕੀਤੀ ਤਾਂ ਸੂਬਾ ਕਮੇਟੀ ਵਲੋਂ 27 ਜੂਨ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਯੂਨੀਅਨ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਅਤੇ ਮੁਲਾਜ਼ਮਾਂ ਮੰਗਾਂ ਬਾਰੇ ਜਾਣੂ ਕਰਵਾਇਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਸੋਧੀ ਜਾਵੇ ਅਤੇ ਸਮੂਹ ਕੈਟਾਗਿਰੀਆਂ ਨੂੰ ਬਰਾਬਰ ਲਾਭ ਦਿੱਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 15 ਜਨਵਰੀ 2015 ਨੂੰ ਮੁੱਢਲੀ ਤਨਖਾਹ ਦੇਣ ਦੇ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਯਕਮੁਸ਼ਤ ਅਦਾਇਗੀ ਕੀਤੀ ਜਾਵੇ। ਇਸ ਮੌਕੇ ਯੂਨੀਅਨ ਆਗੂ ਨਵੀਨ ਪ੍ਰਾਸਰ, ਸ਼ੇਰ ਸਿੰਘ ਲੱਡਾ, ਤਰਸੇਮ ਲਾਲ, ਲਖਵੀਰ ਸਿੰਘ, ਸਤਿਗੁਰ ਸਿੰਘ, ਇੰਦਰਪਾਲ ਸਿੰਘ ਆਦਿ ਮੌਜੂਦ ਸਨ।