ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਪਰੈਲ
ਇਥੇ ਸ਼ਹਿਰ ਦੇ ਪਿੰਡ ਵਾਲੇ ਪਾਸੇ ਡਾਕਘਰ ਦੀ ਬ੍ਰਾਂਚ ਨੂੰ ਬੰਦ ਕੀਤੇ ਜਾਣ ਸਬੰਧੀ ਪੱਤਰ ਜਾਰੀ ਹੋਣ ਤੋਂ ਬਾਅਦ ਜਦੋਂ ਅੱਜ ਮੁਲਾਜ਼ਮ ਰੇਹੜੀਆਂ ਲੈ ਕੇ ਇਸ ਡਾਕਘਰ ਨਾਲ ਸਬੰਧਤ ਸਾਮਾਨ ਚੁੱਕਣ ਆਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਡਾਕਖਾਨੇ ਦਾ ਸਾਮਾਨ ਉਥੋਂ ਚੁੱਕਣੋਂ ਰੁਕਵਾ ਦਿੱਤਾ। ਆਗੂਆਂ ਨੇ ਕੇਂਦਰ ਸਰਕਾਰ ਅਤੇ ਡਾਕ ਮਹਿਕਮੇ ਦੇ ਉੱਚ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭੀਮ ਸੈਨ ਅਰੋੜਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਗੁਰਚਰਨ ਸਿੰਘ ਖੋਖਰ, ਲਹਿਰਾ ਇਕਾਈ ਦੇ ਪ੍ਰਧਾਨ ਸਰਬਜੀਤ ਸ਼ਰਮਾ ਅਤੇ ਹੋਰਨਾਂ ਨੇ ਕਿਹਾ ਕਿ 1985 ਤੋਂ ਇਹ ਡਾਕਖਾਨਾ ਲਿਆਉਣ ਦੀ ਮੰਗ ਸੀ ਜਿਸ ਨੂੰ ਵੀਹ ਸਾਲ ਬੂਰ ਪਿਆ ਸੀ ਪਰੰਤੂ ਹੁਣ ਡਾਕਖਾਨਾ ਖੁੱਲ੍ਹਣ ਤੋਂ ਸੱਤ-ਅੱਠ ਸਾਲ ਬਾਅਦ ਹੀ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਕਦਾਚਿਤ ਵੀ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਲੋਕ ਕਰੋਨਾ ਦੇ ਕਹਿਰ ’ਚੋਂ ਪੂਰੀ ਤਰ੍ਹਾਂ ਉੱਭਰੇ ਨਹੀਂ ਕਿ ਦੁਬਾਰਾ ਫੇਰ ਨਿੱਜੀਕਰਨ ਵੱਲ ਚੱਲ ਕੇ ਕੇਂਦਰ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਨਿੱਜੀਕਰਨ ਤੇ ਆਰਥਿਕ ਨੀਤੀਆਂ ਦੇ ਚਲਦਿਆਂ ਡਾਕਘਰਾਂ ਨੂੰ ਬੰਦ ਕਰਨ ਵਾਲੇ ਪਾਸੇ ਤੁਰ ਪਈ ਹੈ ਤਾਂ ਜੋ ਪੰਜਾਬ ਦੇ ਡਾਕਘਰਾਂ ਨੂੰ ਬੈਂਕਾਂ ਵਿੱਚ ਮਰਜ ਕੀਤਾ ਜਾ ਸਕੇ।
ਇਸ ਲਈ ਜਿੰਨੀ ਦੇਰ ਚੀਫ ਪੋਸਟ ਮਾਸਟਰ ਚੰਡੀਗੜ੍ਹ ਅਤੇ ਕੇਂਦਰ ਦੇ ਅਧਿਕਾਰੀ ਇਸ ਡਾਕਖਾਨੇ ਨੂੰ ਪੱਕੇ ਤੌਰ ’ਤੇ ਇਸੇ ਥਾਂ ਤੇ ਰੱਖਣ ਦਾ ਐਲਾਨ ਨਹੀਂ ਕਰਦੇ। ਓਨਾ ਚਿਰ ਡਾਕਘਰ ਨਾਲ ਸਬੰਧਤ ਸਾਮਾਨ ਇੱਥੋਂ ਚੁੱਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਡਾਕਖਾਨੇ ਨੂੰ ਲੈ ਕੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਵੇ ਉਸ ਇਸ ਲਈ ਤਿਆਰ ਹਨ।