ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਾਲੀ ਡਰੀਮਲੈਂਡ ਕਲੋਨੀ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੇ 21 ਦਿਨਾਂ ਦੇ ਪੱਕੇ ਰੋਸ ਧਰਨੇ ਦੀ ਸਮਾਪਤੀ ਹੋਣ ’ਤੇ ਅੱਜ ਕਲੋਨੀ ਦੇ ਵਸਨੀਕਾਂ ਨੇ ਸਹਿਯੋਗੀ ਅਤੇ ਦੋਸਤਾਨਾ ਵਤੀਰੇ ਲਈ ਜਿਥੇ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਥੇ ਰੋਸ ਧਰਨੇ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਬੇਹਤਰ ਡਿਊਟੀ ਨਿਭਾਉਣ ਲਈ ਮਠਿਆਈਆਂ ਅਤੇ ਪਕੌੜਿਆਂ ਨਾਲ ਚਾਹ-ਪਾਰਟੀ ਵੀ ਕੀਤੀ ਗਈ। ਇਸ ਮੌਕੇ ਡਰੀਮਲੈਂਡ ਕਲੋਨੀ ਦੇ ਵਸਨੀਕਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਡਰੀਮਲੈਂਡ ਕਲੋਨੀ ਦੇ ਵਾਸੀਆਂ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਾਨੂੰਨ ਤੇ ਵਿਵਸਥਾ ਦੀ ਡਿਊਟੀ ਨੂੰ ਬਹੁਤ ਹੀ ਪੇਸ਼ੇਵਰ ਅਤੇ ਮਿਸਾਲੀ ਢੰਗ ਨਾਲ ਨਿਭਾਉਣ ਲਈ ਪੁਲੀਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਕਲੋਨੀ ਵਾਸੀਆਂ ਨੇ ਕਿਹਾ ਕਿ ਪੁਲੀਸ ਦਾ ਵਤੀਰਾ ਕਲੋਨੀ ਵਾਸੀਆਂ ਪ੍ਰਤੀ ਦੋਸਤਾਨਾ ਅਤੇ ਸਤਿਕਾਰ ਵਾਲਾ ਰਿਹਾ। ਉਨ੍ਹਾਂ ਕਿਹਾ ਕਿ ਪੱਕੇ ਧਰਨੇ ਦੌਰਾਨ 21 ਦਿਨਾਂ ਦੀ ਲੰਮੀ ਤੇ ਗੁੰਝਲਦਾਰ ਡਿਊਟੀ ਸੀ ਜਿਸ ਦੌਰਾਨ ਦੀਵਾਲੀ ਸਮੇਤ ਕਈ ਹੋਰ ਤਿਉਹਾਰ ਵੀ ਆਏ ਸਨ। ਉਨ੍ਹਾਂ ਕਿਹਾ ਕਿ ਕਲੋਨੀਆਂ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਪੁਲੀਸ ਨੇ ਵੀ ਪੂਰਾ ਸਹਿਯੋਗ ਦਿੱਤਾ।
ਧਰਨੇ ਦੌਰਾਨ ਤਾਇਨਾਤ ਸਨ 400 ਪੁਲੀਸ ਮੁਲਾਜ਼ਮ
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਧਰਨੇ ’ਚ ਡਿਊਟੀ ’ਤੇ ਕਰੀਬ 400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਜਿੰਨ੍ਹਾਂ ਨੂੰ ਡਿਊਟੀ ਦੌਰਾਨ ਪੁਲੀਸ ਅਧਿਕਾਰੀਆਂ ਵੱਲੋਂ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਅਨੁਸਾਸ਼ਨ ਨਾਲ ਨਿਭਾਉਣ ਲਈ ਸਮੇਂ ਸਮੇਂ ’ਤੇ ਹਦਾਇਤਾਂ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਇਸ ਦੌਰਾਨ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਐੱਸਐੱਸਪੀ ਨੇ ਪੁਲੀਸ ਮੁਲਾਜ਼ਮਾਂ ਨੂੰ ਭਵਿੱਖ ਵਿੱਚ ਵੀ ਡਿਊਟੀ ਪੂਰੀ ਇਮਾਨਦਾਰੀ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਕਰਨ ਲਈ ਪ੍ਰੇਰਿਤ ਕੀਤਾ।