ਸਰਬਜੀਤ ਸਿੰਘ ਭੰਗੂ
ਸਨੌਰ, 5 ਦਸੰਬਰ
ਸਨੌਰ ਹਲਕੇ ਤੋਂ ਹਾਈਕਮਾਨ ਦੇ ਐਲਾਨ ਤੋਂ ਪਹਿਲਾਂ ਹੀ ਹਲਕਾ ਇੰਚਾਰਜ ਹਰਿੰੰਦਰਪਾਲ ਸਿੰਘ (ਹੈਰੀਮਾਨ) ਨੇ ਅੱਜ ਸਨੌਰ ’ਚ ਦਫ਼ਤਰ ਖੋਲ੍ਹਦਿਆਂ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਆਪਣੀ ਪਿਛਲੀ ਹਾਰ ਦਾ ਭਾਂਡਾ ਬਜ਼ੁਰਗ ਕਾਂਗਰਸੀ ਆਗੂ ਲਾਲ ਸਿੰਘ ਦੇ ਸਿਰ ਭੰਨਦਿਆਂ ਉਨ੍ਹਾਂ ਉਨ੍ਹਾਂ ’ਤੇ ਚੰਦੂਮਾਜਰਾ ਪਰਿਵਾਰ ਨਾਲ ਮਿਲੇ ਹੋਣ ਦੇ ਦੋਸ਼ ਵੀ ਲਾਏ। ਇਹ ਐਲਾਨਨਾਮੇ ਹੈਰੀਮਾਨ ਨੇ ਤਿੰਨ ਚੋਣ ਅਬਜ਼ਰਵਰਾਂ ਦੀ ਮੌਜੂਦਗੀ ’ਚ ਹੋਏ ਭਰਵੇਂ ਇਕੱਠ ’ਚ ਕੀਤੇ। ਉਂਜ, ਹੈਰੀਮਾਨ ਭਾਵੇਂ ਕੈਪਟਨ ਸਮਰਥਕ ਰਹੇ ਹਨ, ਪਰ ਹੁਣ ਉਹ ਕਾਂਗਰਸ ਨਾਲ ਆ ਖੜ੍ਹੇ ਅਤੇ ਐਤਕੀਂ ਫੇਰ ਸਨੌਰ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਹਨ। ਇਸੇ ਦੌਰਾਨ ਸਨੌਰ ਤੋਂ ਕਾਂਗਰਸ ਦੀ ਟਿਕਟ ਦੇ ਹੋਰਨਾਂ ਦਾਅਵੇਦਾਰਾਂ ’ਚ ਲਾਲ ਸਿੰਘ ਦਾ ਨਾਂ ਵੀ ਮੁੱਖ ਹੈ, ਜੋ ਇਸ ਖੇਤਰ ਵਿੱਚੋਂ 1977 ਤੋਂ 2012 ਤੱਕ ਛੇ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਦਰਜਨ ਭਰ ਵਿਭਾਗਾਂ ਦੇ ਮੰਤਰੀ ਰਹਿ ਚੁੱਕੇ ਹਨ। ਐਤਕੀਂ ਤਾਂ ਉਨ੍ਹਾਂ ਦੋਵੇਂ ਪਿਓ-ਪੁੱਤਰਾਂ ਵੱਲੋਂ ਚੋਣ ਲੜਨ ਦੀਆਂ ਕਿਆਸਅਰਾਈਆਂ ਹਨ। ਹੁਣ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਨ। ਟਕਸਾਲੀ ਕਾਂਗਰਸੀ ਨਿਰਮਲ ਭੱਟੀਆਂ, ਯੂਥ ਆਗੂ ਜਿੰਮੀ ਡਕਾਲਾ ਅਤੇ ਸ਼ੈਰੀ ਰਿਆੜ ਆਦਿ ਵੀ ਟਿਕਟ ਦੇ ਦਾਅਵੇਦਾਰ ਹਨ। ਨਵਜੋਤ ਕੌਰ ਸਿੱਧੂ ਦੇ ਸਮਰਥਕ ਸ਼ੈਰੀ ਰਿਆੜ ਨੇ ਵੀ ਅੱਜ ਅਬਜ਼ਰਵਰਾਂ ਦੀ ਮੌਜੂਦਗੀ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹੈਰੀਮਾਨ ਨੇ ਉਮੀਦਵਾਰ ਦੇ ਐਲਾਨ ਸਬੰਧੀ ਹਾਈਕਮਾਨ ਦੀ ਉਡੀਕ ਕੀਤੇ ਬਿਨਾਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਚੋਣ ਦਫ਼ਤਰ ਖੋਲ੍ਹ ਦਿੱਤਾ ਤੇ ਉਹ ਵਰਕਰਾਂ ਨਾਲ ਕੀਤੇ ਵਾਅਦੇ ਮੁਤਾਬਕ ਐਤਕੀਂ ਵੀ ਸਨੌਰ ਤੋਂ ਹੀ ਚੋਣ ਲੜਨਗੇ।
ਲਾਲ ਸਿੰਘ ਨੇ ਚੁੱਪ ਵੱਟੀ
ਭਾਵੇਂ ਲਾਲ ਸਿੰਘ ਨੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ, ਪਰ ਚਰਚਾ ਹੈ ਕਿ ਉਹ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਜਵਾਬ ਦੇਣਗੇ। ਮਾਨ ਵਿਰੋਧੀਆਂ ਦਾ ਤਰਕ ਹੈ ਕਿ ਹੈਰੀਮਾਨ ਦਾ ਰੁਖ਼ ਬਾਗੀਆਂ ਵਾਲਾ ਹੈ। ਕੁਝ ਦਾ ਕਹਿਣਾ ਹੈ ਕਿ ਕਾਂਗਰਸ ਨਾਲ ਤਾਂ ਉਹ ਟਿਕਟ ਦੀ ਖਾਤਰ ਹੀ ਖੜ੍ਹੇ ਸਨ, ਅਸਲ ’ਚ ਤਾਂ ਉਹ ਕੈਪਟਨ ਖੇੇਮੇ ਦੇ ਹੀ ਹਨ। ਹੈਰੀਮਾਨ ਲਗਾਤਾਰ ਤੀਜੀ ਵਾਰ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਬਣੇ ਹਨ ਤੇ ਉਨ੍ਹਾਂ ਦੇ ਫਰਜ਼ੰਦ ਰਿੱਕੀ ਮਾਨ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਹਨ।