ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 20 ਅਗਸਤ
20ਵੀਂ ਸਦੀ ਦੀ ਮਹਾਨ ਸ਼ਖਸੀਅਤ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸੇਵਕ ਸੰਤ ਬਿਸ਼ਨ ਸਿੰਘ ਕਾਂਝਲਾ ਦੀ ਬਰਸੀ ਗੁਰਦੁਆਰਾ ਝਿੜਾ ਸਾਹਿਬ ਪਾਤਸ਼ਾਹੀ ਪਹਿਲੀ, ਛੇਵੀਂ ਅਤੇ ਨੌਵੀਂ ਕਾਂਝਲਾ ਵਿਖੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਪਹਿਲੇ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਜਿੱਥੇ ਨਗਰ ਕੀਰਤਨ ਦਾ ਪਿੰਡ ਦੇ ਵੱਖ-ਵੱਖ ਪੜਾਵਾਂ ਦੌਰਾਨ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਪੰਜ ਪਿਆਰਿਆਂ ਨੂੰ ਸਿਰੋਪੇ ਅਤੇ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲੇ ਭੇਟ ਕੀਤੇ ਗਏ। ਇਸ ਦੌਰਾਨ ਸੰਗਤ ਲਈ ਥਾਂ-ਥਾਂ ਲੰਗਰ ਵੀ ਲਗਾਏ ਹੋਏ ਸਨ। ਵੱਖ-ਵੱਖ ਪੜਾਵਾਂ ਦੌਰਾਨ ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਮੰਗਾ ਸਿੰਘ, ਭਾਈ ਮਲਕੀਤ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਪਰਮਜੀਤ ਸਿੰਘ ਦੇ ਜਥਿਆਂ ਵੱਲੋਂ ਕਥਾ ਕੀਰਤਨ ਅਤੇ ਢਾਡੀ ਬਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਕਲੇਰ, ਮੈਨੇਜਰ ਮਲਕੀਤ ਸਿੰਘ ਢਿੱਲੋਂ, ਉੱਘੇ ਸਮਾਜਸੇਵੀ ਭਗਵੰਤ ਰਾਏ ਜ਼ੋਸੀ, ਕਿਸਾਨ ਆਗੂ, ਅਵਤਾਰ ਸਿੰਘ ਕਲੇਰ, ਉੱਘੇ ਲੇਖਕ ਰਣਜੀਤ ਸਿੰਘ ਆਜ਼ਾਦ, ਭਾਈ ਅੰਮ੍ਰਿਤਪਾਲ ਸਿੰਘ ਪੱਖੋ, ਭਾਈ ਗੁਰਜੰਟ ਸਿੰਘ ਚੀਮਾ, ਭਾਈ ਸਤਨਾਮ ਸਿੰਘ ਮਸਤੂਆਣਾ ਸਾਹਿਬ, ਭਾਈ ਸੁਖਵਿੰਦਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਮੱਖਣ ਸਿੰਘ ਤੇ ਸੁਖਜੀਤ ਸਿੰਘ ਬਾਲੀ ਆਦਿ ਹਾਜ਼ਰ ਸਨ।