ਪੱਤਰ ਪ੍ਰੇਰਕ
ਸੰਗਰੂਰ, 13 ਅਕਤੂਬਰ
ਕੁਦਰਤ ਮਾਨਵ ਲੋਕ ਲਹਿਰ (ਗੁਰੂਕੁਲ) ਕਾਤਰੋਂ ਵੱਲੋਂ ਮਾਲਵਾ ਲਿਖਾਰੀ ਸਭ ਸੰਗਰੂਰ ਦੇ ਸਹਿਯੋਗ ਨਾਲ ਭਰੂਣ ਹੱਤਿਆ ਖਿਲਾਫ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ| ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਕਵਿਤਰੀ ਰਣਜੀਤ ਕੌਰ ਸਵੀ ਨੇ ਸ਼ਿਰਕਤ ਕੀਤੀ| ਉਨ੍ਹਾਂ ਕਿਹਾ ਕਿ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਕੁੱਖ ਤੇ ਰੁੱਖ ਬਚਾਉਣਾ ਸਮੇਂ ਦੀ ਅਣਸਰਦੀ ਲੋੜ ਹੈ| ਉਨ੍ਹਾਂ ਕਿਹਾ ਕਿ ਚੰਗਾ ਲੇਖਕ ਬਣਨ ਲਈ ਚੰਗੇ ਸਾਹਿਤ ਦਾ ਪਾਠਕ ਹੋਣਾ ਵੀ ਜ਼ਰੂਰੀ ਹੈ| ਉਨ੍ਹਾਂ ਕਵਿਤਾਵਾਂ ਸੁਣਾਈਆਂ ਅਤੇ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ|
ਕੁਦਰਤ ਮਾਨਵ ਲੋਕ ਲਹਿਰ ਗੁਰੂਕੁਲ ਕਾਤਰੋਂ ਦੀ ਸੰਚਾਲਕ ਸੰਦੀਪ ਰਾਣਾ ਨੇ ਕਿਹਾ ਕਿ ਭਰੂਣ ਹੱਤਿਆ ਦੇ ਕਰੂਰ ਵਰਤਾਰੇ ਅਤੇ ਰੁੱਖਾਂ ਦੀ ਅੰਨ੍ਹੇਵਾਹ ਉਜਾੜੇ ਨੂੰ ਰੋਕਣ ਲਈ ਸਮੂਹ ਸਾਹਿਤ ਸਭਾਵਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ| ਡਾ. ਮੀਤ ਖਟੜਾ ਨੇ ਕਿਹਾ ਕਿ ਔਰਤ ਅਤੇ ਮਰਦ ਦੋਵੇਂ ਹੀ ਇਕ ਦੂਜੇ ਦੇ ਪੂਰਕ ਹਨ| ਪ੍ਰੋ. ਨਰਿੰਦਰ ਸਿੰਘ ਨੇ ਕੁੜੀਆਂ ਦੇ ਅਨੁਪਾਤ ਵਿਚ ਗਿਰਾਵਟ ’ਤੇ ਫ਼ਿਕਰ ਪ੍ਰਗਟਾਇਆ| ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੀ ਨਿਰਪਜੀਤ ਕੌਰ ਨੇ ਕਿਹਾ ਕਿ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ| ਕਰਮ ਸਿੰਘ ਜਖ਼ਮੀ ਨੇ ਕਿਹਾ ਕਿ ਬੁਢਾਪੇ ਦੀ ਸੰਭਾਲ ਨਾ ਹੋਣਾ ਵੀ ਭਰੂਣ ਹੱਤਿਆ ਦੇ ਵਰਤਾਰੇ ਲਈ ਜ਼ਿੰਮੇਵਾਰ ਹੈ| ਸਭਾ ਵੱਲੋਂ ਰਣਜੀਤ ਕੌਰ ਸਵੀ ਅਤੇ ਸੰਦੀਪ ਰਾਣੀ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸ਼ਹਾਨਾ ਅਜੀਮ ਵੱਲੋਂ ਗਾਈਆਂ ਰਣਜੀਤ ਕੌਰ ਦੀਆਂ ਕਵਿਤਾਵਾਂ ਨਾਲ ਸ਼ੁਰੂ ਹੋਏ ਭਰੂਣ ਹੱਤਿਆ ਨਾਲ ਸਬੰਧਤ ਕਵੀ ਦਰਬਾਰ ਵਿਚ ਸੁਖਵਿੰਦਰ ਕੌਰ ਸਿੱਧੂ, ਜੰਗੀਰ ਸਿੰਘ ਰਤਨ, ਦਰਸ਼ਨ ਥਿੰਦ, ਮੀਤ ਸਕਰੌਦੀ, ਰਜਿੰਦਰ ਸਿੰਘ ਰਾਜਨ, ਜੀਤ ਹਰਜੀਤ, ਧਰਮੀ ਤੁੰਗਾਂ, ਜਸ਼ਨਪ੍ਰੀਤ ਕੌਰ, ਪਰਮਜੀਤ ਕੌਰ, ਅਰਸ਼ਦੀਪ ਕੌਰ ਨੇ ਹਾਜ਼ਰੀ ਲੁਆਈ|