ਪੱਤਰ ਪ੍ਰੇਰਕ
ਸ਼ੇਰਪੁਰ, 22 ਜੁਲਾਈ
ਇੱਥੋਂ ਦੀ ਪੱਤੀ ਖਲੀਲ ਵਿੱਚ ਅੱਜ ਸਵੱਖਤੇ ਹੀ ਡੀਐੱਸਪੀ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਇੱਥੇ ਤਲਾਸ਼ੀ ਮੁਹਿੰਮ ਸ਼ੁਰੂ ਹੋਈ। ਇਸ ਦੌਰਾਨ ਥਾਣਾ ਸ਼ੇਰਪੁਰ ਦੇ ਮੁਖੀ ਅਮਰੀਕ ਸਿੰਘ ਸਮੇਤ ਤਿੰਨ ਐੱਸਐੱਚਓਜ਼ ਤੇ ਪੁਲੀਸ ਮੁਲਾਜ਼ਮਾਂ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ। ਪੁਲੀਸ ਨੇ 70 ਘਰਾਂ ਦੀ ਤਲਾਸ਼ੀ ਲਈ। ਤਲਾਸ਼ੀ ਮੁਹਿੰਮ ਦੌਰਾਨ ਕਿਸੇ ਕੋਲੋਂ ਵੀ ਚਿੱਟੇ ਦੀ ਬਰਾਮਦਗੀ ਨਾ ਹੋਣ ਦੀ ਗੱਲ ਲੋਕਾਂ ਦੇ ਗਲੇ ਤੋਂ ਨਹੀਂ ਉੱਤਰ ਰਹੀ। ਇਸ ਕਾਰਨ ਇਹ ਮੁਹਿੰਮ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਡੀਐੱਸਪੀ ਯੋਗੇਸ਼ ਸ਼ਰਮਾਂ ਨੇ ਤਲਾਸ਼ੀ ਮੁਹਿੰਮ ਸਬੰਧੀ ਦੱਸਿਆ ਕਿ ਦੋ ਕਾਰਾਂ ਤੇ 12 ਵਹੀਕਲ ਜ਼ਬਤ, 9 ਮੋਬਾਈਲਾਂ ਦੀ ਬਰਾਮਦਗੀ, ਦੋ ਸੌ ਨਸ਼ੀਲੀ ਗੋਲੀ ਬਰਾਮਦ ਹੋਈਆਂ ਹਨ। ਇਸ ਸਬੰਧੀ ਇੱਕ ਵਿਆਕਤੀ ’ਤੇ ਕੇਸ ਦਰਜ ਵੀ ਕੀਤਾ ਜਾ ਰਿਹਾ ਹੈ ਜਦੋਂ ਕਿ 7 ਹੋਰ ਵਿਅਕਤੀਆਂ ’ਤੇ ਅੰਡਰ ਸੈਕਸ਼ਨ 110 ਸੀਆਰਪੀਸੀ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਤਲਾਸ਼ੀ ਮੁਹਿੰਮ ਦੀ ਜਾਣਕਾਰੀ ਲੀਕ ਹੋਣ ਸਬੰਧੀ ਡੀਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸ਼ੇਰਪੁਰ ਪੁਲੀਸ ਨੂੰ ਸਵੇਰ ਸਮੇਂ ਐਨ ਮੌਕੇ ’ਤੇ ਹੀ ਤਲਾਸ਼ੀ ਸਬੰਧੀ ਦੱਸਿਆ ਗਿਆ ਸੀ ਜਿਸ ਕਰਕੇ ਇਸ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ।