ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਇਕਾਈ ਰਣਬੀਰ ਕਾਲਜ ਵੱਲੋਂ ਕਾਲਜ ਵਿੱਚ ਜੱਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਸਮਰਪਿਤ ਫਲੈਕਸ ਪ੍ਰਦਰਸ਼ਨੀ ਲਗਾਈ ਗਈ।ਵਿਦਿਆਰਥੀ ਆਗੂ ਅਮਨ ਸੰਗਰੂਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਸਾਮਰਾਜ ਵੱਲੋਂ ਉਸ ਸਮੇਂ ਰੌਲਟ ਐਕਟ ਵਰਗੇ ਕਾਲੇ ਕਾਨੂੰਨ ਥੋਪਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਐਕਟ ਨੂੰ ਰੱਦ ਕਰਵਾਉਣ ਲਈ ਜੱਲ੍ਹਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਨਿਹੱਥੇ ਕਿਰਤੀ ਲੋਕਾਂ ’ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਕਤਲੇਆਮ ਕੀਤਾ। ਉਸੇ ਤਰ੍ਹਾਂ ਦੇ ਰੋਲਟ ਐਕਟ ਵਰਗੇ ਕਾਨੂੰਨ ਅੱਜ ਵੀ ਆਪਣੇ ਦੇਸ਼ ਵਿੱਚ ਮੌਜੂਦ ਹਨ ਜਿਨ੍ਹਾਂ ਰਾਹੀਂ ਬੁੱਧੀਜੀਵੀ, ਪੱਤਰਕਾਰ ਅਤੇ ਹੋਰ ਲੋਕਪੱਖੀ ਆਗੂਆਂ ਨੂੰ ਜੇਲ੍ਹੀਂ ਡੱਕਿਆ ਹੋਇਆ ਹੈ। ਇਨ੍ਹਾਂ ਦਾ ਵਿਰੋਧ ਕਰਨ ਦੀ ਲੋੜ ਹੈ। ਇਸ ਮੌਕੇ ਜਨਚੇਤਨਾ ਵੱਲੋਂ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ। ਇਸ ਮੌਕੇ ਭਿੰਦਰ ਸਿੰਘ, ਹਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਚੰਗਾਲੀਵਾਲਾ, ਬਲਜੀਤ ਕੌਰ,ਅੰਮ੍ਰਿਤ ਕੌਰ ਮੌਜੂਦ ਸਨ।