ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਜੂਨ
ਸ਼ਾਹੀ ਸ਼ਹਿਰ ਵਿਚ 10.33 ਏਕੜ ’ਚ ਫੈਲੀ ਰਾਜਿੰਦਰਾ ਝੀਲ ਨੂੰ ਸੁੰਦਰ ਬਣਾਉਣ ਦਾ ਕੰਮ ਸਿਖਰ ’ਤੇ ਹੈ। ਜਿਸ ਲਈ 5 ਕਰੋੜ 4 ਲੱਖ, 22 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਮੇੇਅਰ ਸੰਜੀਵ ਬਿੱਟੂ ਨੇ ਅੱਜ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਜਿਸ ਦੌਰਾਨ ਪੀਡਬਲਯੂਡੀ ਦੇ ਐਕਸੀਅਨ ਐਸਐਲ ਗਰਗ ਅਤੇ ਹੋਰ ਅਧਿਕਾਰੀਆਂ ਵੀ ਮੌਜੂਦ ਸਨ। ਮੇਅਰ ਨੇ ਦੱਸਿਆ ਕਿ ਇਸ ਦੇ ਅੱਠ ਏਕੜ ਵਿੱਚ ਪਾਣੀ ਭਰਿਆ ਜਾਣਾ ਹੈ। ਅੰਦਰੂਨੀ ਹਿੱਸਿਆਂ ਵਿਚ 1.62 ਕਰੋੜ ਖ਼ਰਚ ਕੀਤੇ ਜਾਣੇ ਹਨ। ਝੀਲ ਦੇ ਤਲ ਦੀ ਪੁਰਾਣੀ ਖਰਾਬ ਮਿੱਟੀ ਨੂੰ ਹਟਾ ਕੇ ਉਸ ਦੀ ਥਾਂ ਚੀਕਣੀ ਮਿੱਟੀ ਦੀ ਇੱਕ ਫੁੱਟ ਮੋਟੀ ਤੈਅ ਵਿਛਾਈ ਜਾਵੇਗੀ। ਭਾਖੜਾ ਨਹਿਰ ਤੋਂ ਵਿਰਾਸਤੀ ਝੀਲ ਤੱਕ ਇਕ ਰਜਵਾਹੇ ਰਾਹੀਂ ਪਾਣੀ ਦੀ ਪ੍ਰਣਾਲੀ ਪਹਿਲਾਂ ਹੀ ਹੈ, ਜੋ ਅਜੇ ਵੀ ਪੂਰੀ ਸਫਲਤਾ ਨਾਲ ਕੰਮ ਕਰ ਰਹੀ ਹੈ। ਪੁਰਾਣੀ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਝੀਲ ਦੇ ਆਲ਼ੇ ਦੁਆਲੇ 12 ਸੌ ਮੀਟਰ ਲੰਬਾ ਸਾਈਕਲਿੰਗ ਟਰੈਕ ਵੀ ਬਣਾਇਆ ਜਾਵੇਗਾ। ਸੈਲਾਨੀਆਂ ਨੂੰ ਲੁਭਾਉਣ ਅਤੇ ਝੀਲ ਦੀ ਸੁੰਦਰਤਾ ਵਧਾਉਣ ਲਈ ਪੰਜ ਫੁਹਾਰੇ ਵੀ ਲਗਾਏ ਜਾਣਗੇ। ਜਿਸ ਵਿੱਚੋਂ ਇਕ ਫੁਹਾਰਾ 80 ਫੁੱਟ ਤੱਕ, ਦੋ ਫੁਹਾਰੇ 50-50 ਫੁੱਟ ਤੱਕ ਅਤੇ ਦੋ ਫੁਹਾਰੇ ਰੰਗੀਨ ਲਾਈਟਾਂ ਵਾਲੇ ਲਗਾਏ ਜਾਣਗੇ। ਝੀਲ ਦੇ ਆਲੇ ਦੁਆਲੇ 14 ਫੁੱਟ ਤੱਕ ਪੱਥਰ ਰੱਖ ਕੇ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ ਆਖਰੀ ਪੜਾ ਤੱਕ ਪਹੁੰਚ ਚੁੱਕਾ ਹੈ। ਮਹਾਤਮਾ ਗਾਂਧੀ ਦੀ ਮੂਰਤੀ ਵਾਲੀ ਜਗ੍ਹਾ ਦੇ ਪਿਛਲੇ ਹਿੱਸੇ ਵਾਲੀ ਦੀਵਾਰ ਨੂੰ ਠੀਕ ਕੀਤਾ ਜਾਵੇਗਾ ਅਤੇ ਇਸ ਨੂੰ ਰੰਗੀਨ ਲਾਈਟਾਂ ਨਾਲ ਸਜ਼ਾਇਆ ਜਾਵੇਗਾ।