ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਮਾਰਚ
ਸਥਾਨਕ ਸਰਕਾਰੀ ਰਣਬੀਰ ਕਾਲਜ ਦੀ ਬੈਸਟ ਆਊਟ ਆਫ਼ ਵੇਸਟ ਸੁਸਾਇਟੀ ਵਲੋਂ ਮੇਕ ਆਰਟ ਗਰੁੱਪ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਕਲਾ ਵਰਕਸ਼ਾਪ ਲਾਈ ਗਈ ਜਿਸ ’ਚ ਸੌ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ’ਚ ਹੁਨਰਮੰਦਾਂ ਨੇ ਵਿਦਿਆਰਥੀਆਂ ਨੂੰ ਘਰਾਂ ਵਿੱਚ ਕਬਾੜ ਬਣੇ ਸਾਮਾਨ ਵਿਚੋਂ ਕਲਾ ਸਿਰਜਣ ਦੀਆਂ ਜੁਗਤਾਂ ਦੱਸੀਆਂ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਦੀ ਅਗਵਾਈ, ਮੈਡਮ ਨਿਰਮਲ ਤੇ ਡਾ. ਸੁਖਵਿੰਦਰ ਸਿੰਘ ਪਰਮਾਰ ਦੀ ਦੇਖ ਰੇਖ ਵਿਚ ਹੋਈ ਵਰਕਸ਼ਾਪ ਵਿਚ ਆਰਟਿਸਟ ਹਰਦੀਪ, ਆਰਟਿਸਟ ਹਰਿੰਦਰ ਗੋਲਡਨ, ਆਰਟਿਸ਼ਟ ਜਸਵਿੰਦਰ, ਆਰਟਿਸਟ ਬੀਰ ਇੰਦਰ ਬਨਭੌਰੀ, ਆਰਟਿਸਟ ਸੇਜ਼ਲ ਗਰਗ, ਆਰਟਿਸਟ ਸੁਮੀਰ ਫੱਤਾ ਅਤੇ ਆਰਟਿਸਟ ਸਮੀਰ ਖਾਨ ਨੇ ਬਤੌਰ ਟਰੇਨਰ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਵਾਧੂ ਸਾਮਾਨ ਤੋਂ ਕਾਲਕ੍ਰਿਤੀਆਂ ਬਣਾਉਣ ਦੀਆਂ ਜੁਗਤਾਂ ਸਿਖਾਈਆਂ। ਕਲਾਕਾਰ ਵਿਦਿਆਰਥੀਆਂ ਨੇ ਤਿੰਨ ਦਿਨਾਂ ਤੱਕ ਆਪਣੀ ਕਲਾ ਨਾਲ ਰੁੱਖਾਂ, ਰੁੱਖਾਂ ਦੁਆਲੇ ਬਣੇ ਚਬੂਤਰਿਆਂ ਨੂੰ ਰੰਗਾਂ ਨਾਲ ਨਿਵੇਕਲੀ ਪਛਾਣ ਦਿੱਤੀ। ਵਰਕਸ਼ਾਪ ਦੇ ਅੰਤਲੇ ਦਿਨ ਭਾਗ ਲੈਣ ਵਾਲੇ ਸਾਰੇ ਕਲਾਕਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।