ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਮਈ
ਸਿਹਤ ਤੇ ਪੁਲੀਸ ਵਿਭਾਗ ਵਲੋਂ ਇੱਕ ਮਕਾਨ ’ਤੇ ਛਾਪੇਮਾਰੀ ਕਰਕੇ ਗਰਭ ਦੇ ਲਿੰਗ ਨਿਰਧਾਰਨ ਕਰਨ ਦੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਦੋ ਔਰਤਾਂ ਸਣੇ ਤਿੰਨ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਲਿੰਗ ਨਿਰਧਾਰਨ ਕਰਨ ਵਾਲੀ ਮਸ਼ੀਨ ਸਣੇ ਹੋਰ ਸਾਜ਼ੋ ਸਮਾਨ ਕਬਜ਼ੇ ’ਚ ਲਿਆ ਹੈ। ਪੁਲੀਸ ਵੱਲੋਂ ਦਰਜ ਕੇਸ ਅਨੁਸਾਰ ਸ਼ਹਿਰ ਦੇ ਉਪਲੀ ਰੋਡ ’ਤੇ ਸਥਿਤ ਇੱਕ ਮਕਾਨ ਵਿਚ ਲਿੰਗ ਨਿਰਧਾਰਨ ਕਰਨ ਦੇ ਚੱਲ ਰਹੇ ਗੈਰਕਾਨੂੰਨੀ ਧੰਦੇ ਬਾਰੇ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਮਰੀਜ਼ ਦੀ ਮੱਦਦ ਨਾਲ ਸਿਹਤ ਤੇ ਪੁਲੀਸ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਮੌਕੇ ’ਤੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਤੇ ਡਾਕਟਰਾਂ ਦੀ ਟੀਮ ਮੌਜੂਦ ਸੀ। ਪੁਲੀਸ ਅਨੁਸਾਰ ਇਹ ਮਕਾਨ ਬਲਵਿੰਦਰ ਕੌਰ ਨਾਮੀ ਔਰਤ ਦਾ ਦੱਸਿਆ ਜਾ ਰਿਹਾ ਹੈ। ਇਸ ਘਰ ਵਿਚ ਮੀਨਾ ਰਾਣੀ ਔਰਤ ਨੂੰ ਹਰਬਾਜ਼ ਸਿੰਘ ਸਕੂਟੀ ’ਤੇ ਸਮੇਤ ਅਲਟਰਾਸਾਊਂਡ ਮਸ਼ੀਨ ਦੇ ਲੈ ਕੇ ਆਇਆ ਸੀ। ਛਾਪੇਮਾਰੀ ਦੌਰਾਨ ਜਦੋਂ ਟੀਮ ਘਰ ਅੰਦਰ ਗਈ ਤਾਂ ਮੀਨਾ ਰਾਣੀ ਪਿੰਡ ਚੌਰਾ ਜ਼ਿਲ੍ਹਾ ਪਟਿਆਲਾ ਸੀਮਾ ਦੇਵੀ ਨਾਮੀ ਔਰਤ ਦਾ ਅਲਟਰਾਸਾਊਂਡ ਮਸ਼ੀਨ ਰਾਹੀਂ ਲਿੰਗ ਨਿਰਧਾਰਨ ਕਰ ਰਹੀ ਸੀ। ਪਹਿਲਾਂ ਇੱਕ ਔਰਤ ਦਾ ਅਲਟਾਸਾਊਂਡ ਕੀਤਾ ਸੀ ਤੇ ਉਸਦੇ ਭਰੂਣ ਦਾ ਲਿੰਗ ਕੁੜੀ ਦੱਸਿਆ ਸੀ। ਇੱਕ ਔਰਤ ਵੀਰਪਾਲ ਕੌਰ ਦਾ ਅਲਟਰਾਸਾਊਂਡ ਕਰਨਾ ਬਾਕੀ ਸੀ। ਮੌਕੇ ’ਤੇ ਟੀਮ ਵੱਲੋਂ ਅਲਟਰਾਸਾਊਂਡ ਮਸ਼ੀਨ ਨੂੰ ਮੌਕੇ ’ਤੇ ਕਬਜ਼ੇ ’ਚ ਲੈ ਕੇ ਸੀਲ ਕਰ ਦਿੱਤਾ। ਤਲਾਸ਼ੀ ਦੌਰਾਨ ਇੱਕ ਔਰਤ ਰਾਜਬੀਰ ਕੌਰ ਕੋਲੋਂ ਵੀਰਪਾਲ ਕੌਰ ਵੱਲੋਂ ਦਿੱਤੇ ਕੁੱਲ 25 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਤੇ 500 ਰੁਪਏ ਦੇ 50 ਨੋਟਾਂ ਦਾ ਛਾਪੇਮਾਰੀ ਟੀਮ ਵੱਲੋਂ ਮੁਲਜ਼ਮਾਂ ਦੇ ਸਾਹਮਣੇ ਮਿਲਾਨ ਕੀਤਾ ਗਿਆ ਅਤੇ ਨੋਟਾਂ ਦੇ ਨੰਬਰ ਵੀ ਮੈਚ ਕਰਦੇ ਸਨ। ਅਲਟਰਾਸਾਊਂਡ ਕਰਾਉਣ ਵਾਲੀਆਂ ਦੋਵੇਂ ਔਰਤਾਂ ਸਣੇ ਤਿਕਾਏ ਮਰੀਜ਼ ਦੇ ਬਿਆਨ ਲਿਖੇ ਗਏ। ਡਾ. ਅਮਨਪ੍ਰੀਤ ਕੌਰ ਦੁਆਰਾ ਤਿੰਨੋਂ ਗਰਭਵਤੀ ਔਰਤਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ। ਛਾਪੇਮਾਰੀ ਦੌਰਾਨ ਪਾਇਆ ਗਿਆ ਕਿ ਮੀਨਾ ਰਾਣੀ, ਹਰਬਾਗ ਸਿੰਘ ਤੇ ਰਾਜਵੀਰ ਕੌਰ ਨੇ ਸਾਜਿਸ਼ ਤਹਿਤ ਸਰਕਾਰ ਨਾਲ ਧੋਖਾਧੜੀ ਕੀਤੀ ਹੈ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।