ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਸਤੰਬਰ
ਸੰਗਰੂਰ ਪੁਲੀਸ ਵੱਲੋਂ ਜਾਅਲੀ ਕਰੰਸੀ ਬਣਾਉਣ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 22 ਹਜ਼ਾਰ ਰੁਪਏ (ਪੰਜ-ਪੰਜ ਸੌ ਦੇ ਨੋਟ) ਦੀ ਭਾਰਤੀ ਜਾਅਲੀ ਕਰੰਸੀ ਅਤੇ ਕਰੰਸੀ ਤਿਆਰ ਕਰਨ ਵਾਲੇ ਉਪਰਕਣ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋ ਦੋ ਜਣੇ ਵੱਖ-ਵੱਖ ਕੇਸਾਂ ਤਹਿਤ ਪਹਿਲਾਂ ਹੀ ਨਾਭਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਬੀਤੀ 22 ਅਗਸਤ ਨੂੰ ਜ਼ਮਾਨਤ ’ਤੇ ਜਦੋਂਕਿ ਦੂਜਾ 16 ਅਗਸਤ ਨੂੰ ਪੈਰੋਲ ’ਤੇ ਜੇਲ੍ਹ ’ਚੋ ਬਾਹਰ ਆਇਆ ਹੈ। ਸਥਾਨਕ ਥਾਣਾ ਸਿਟੀ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਪ ਕਪਤਾਨ ਪੁਲੀਸ (ਡੀ) ਕਰਨ ਸਿੰਘ ਸੰਧੂ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਆਦੇਸ਼ਾਂ ’ਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏਐੱਸਆਈ ਗੁਰਮੇਲ ਸਿੰਘ ਨੂੰ ਗਸ਼ਤ ਦੌਰਾਨ ਮੁਖਬਰੀ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਵਾਸੀ ਕਾਲਵੰਜ਼ਾਰਾ ਅਤੇ ਬੇਅੰਤ ਸਿੰਘ ਵਾਸੀ ਛਾਜਲੀ ਜਾਅਲੀ ਕਰੰਸੀ ਬਣਾਉਣ ਦਾ ਗੈਰਕਾਨੂੰਨੀ ਕੰਮ ਕਰਦੇ ਹਨ ਜਿਸ ਮਗਰੋਂ ਛਾਪੇਮਾਰੀ ਕਰਕੇ ਗੁਰਪ੍ਰੀਤ ਸਿੰਘ ਨੂੰ 15 ਹਜ਼ਾਰ ਰੁਪਏ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਜਿਸਦੀ ਨਿਸ਼ਾਨਦੇਹੀ ’ਤੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਉਪਕਰਣਾਂ ’ਚ ਪ੍ਰਿੰਟਰ, ਹਰੀ ਟੇਪ, ਕਟਰ, ਬਲੇਡ, ਸਕੇਲ, ਸੀਸ਼ਾ, ਸਫੈਦ ਕਾਗਜ਼, ਪੰਜ ਸੌ ਰੁਪਏ ਦੇ ਅਸਲੀ ਨੋਟ ਅਤੇ ਫਟੇ ਹੋਏ ਜਾਅਲੀ ਨੋਟ ਬਰਾਮਦ ਕੀਤੇ ਗਏ ਜਦੋਂ ਕਿ ਕਰਮਜੀਤ ਸਿੰਘ ਵਾਸੀ ਰੋੜੇਵਾਲਾ ਤੋਂ 7 ਹਜ਼ਾਰ ਰੁਪਏ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਕਰਮਜੀਤ ਸਿੰਘ ਨੇ 50 ਹਜ਼ਾਰ ਰੁਪਏ ਜਾਅਲੀ ਕਰੰਸੀ ਅੱਗ ਲਗਾ ਕੇ ਫ਼ੂਕ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਬੇਅੰਤ ਸਿੰਘ ਸਮੇਤ ਦੋ ਵਿਅਕਤੀਆਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਜੋ ਕਿ ਉਸਨੇ ਜਾਅਲੀ ਕਰੰਸੀ ਦੀ ਖਰੀਦੀ ਸੀ। ਬੇਅੰਤ ਸਿੰਘ ਦਾ ਅਦਾਲਤ ਕੋਲੋਂ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਹੈ ਜਿਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਕਾਲਵੰਜ਼ਾਰਾ 4-3-2017 ਨੂੰ ਥਾਣਾ ਸਿਟੀ ਸੁਨਾਮ ਵਿੱਚ ਦਰਜ ਇੱਕ ਕੇਸ ਵਿੱਚ 5 ਸਾਲ ਦੀ ਸਜ਼ਾ ਕੱਟ ਰਿਹਾ ਹੈ ਜੋ ਕਿ ਬੀਤੀ 22 ਅਗਸਤ ਨੂੰ ਹੀ ਜੇਲ੍ਹ ਤੋਂ ਜ਼ਮਾਨਤ ਪਰ ਆਇਆ ਹੈ। ਬੇਅੰਤ ਸਿੰਘ ਵਾਸੀ ਛਾਜਲੀ 24-7-2017 ਨੂੰ ਥਾਣਾ ਦਿੜਬਾ ’ਚ ਦਰਜ ਅਗਵਾ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਜੋ ਬੀਤੀ 16 ਅਗਸਤ ਨੂੰ ਹੀ ਨਾਭਾ ਜੇਲ੍ਹ ਤੋਂ ਪੈਰੋਲ ’ਤੇ ਬਾਹਰ ਆਇਆ ਹੈ। ਉਸ ਖ਼ਿਲਾਫ਼ ਪਹਿਲਾਂ ਤਿੰਨ ਕੇਸ ਦਰਜ ਹਨ।