ਪੱਤਰ ਪ੍ਰੇਰਕ
ਦੇਵੀਗੜ੍ਹ, 30 ਮਈ
ਜੁਲਕਾਂ ਦੀ ਪੁਲੀਸ ਨੇ ਐਕਸਾਈਜ਼ ਅਧਿਕਾਰੀਆਂ ਦੀ ਟੀਮ ਨਾਲ ਮਿਲ ਕੇ ਅੱਜ ਪਿੰਡ ਹਾਜੀਪੁਰ ਵਿੱਚ ਵੱਡੀ ਕਾਰਵਾਈ ਕਰ ਕੇ ਗੁਰਮੇਜ ਸਿੰਘ ਉਰਫ ਗੇਜੂ ਤੋਂ 900 ਲਿਟਰ ਲਾਹਣ, ਚਾਲੂ ਭੱਠੀ ਅਤੇ 10 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਗੁਰਮੇਜ ਸਿੰਘ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਥਾਣਾ ਮੁਖੀ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ਮੁਖਬਰੀ ਦੇ ਆਧਾਰ ’ਤੇ ਪਿੰਡ ਦੋਲਾ ਸਿੰਘ ਵਾਲਾ ਦੇ ਗੁਰਜੰਟ ਸਿੰਘ ਜੰਟਾ ਪੁੱਤਰ ਨਰੈਣ ਸਿੰਘ ਦੇ ਰਿਹਾਇਸ਼ੀ ਘਰ ’ਚ ਛਾਪੇਮਾਰੀ ਕੀਤੀ ਤਾਂ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਨਾਜਾਇਜ਼ ਸ਼ਰਾਬ ਕਸੀਦਣ ਲਈ ਰੱਖੀ ਲਾਹਣ ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
340 ਲੀਟਰ ਲਾਹਣ ਬਰਾਮਦ
ਸਮਾਣਾ (ਸੁਭਾਸ਼ ਚੰਦਰ): ਇਥੇ ਸਦਰ ਪੁਲੀਸ ਨੇ ਪਿੰਡ ਤਲਵੰਡੀ ਮਲਿਕ ਵਿੱਚ ਚਲਾਏ ਇੱਕ ਸਰਚ ਅਭਿਆਨ ਤਹਿਤ ਘਰਾਂ ਵਿੱਚ ਰੇਡ ਕਰਕੇ 340 ਲਿਟਰ ਲਾਹਣ ਬਰਾਮਦ ਕਰਕੇ ਚਾਰ ਵਿਅਕਤੀਆਂ ਤੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਜਦੋਂ ਕਿ ਇੱਕ ਔਰਤ ਸਣੇ ਦੋ ਵਿਅਕਤੀ ਫਰਾਰ ਹੋਣ ਵਿੱਚ ਸਫ਼ਲ ਰਹੇ। ਐੱਸਐੱਚਓ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਘਰੋਂ 200 ਲਿਟਰ ਲਾਹਣ ਬਰਾਮਦ ਕੀਤੀ ਜਦਕਿ ਦੋਸ਼ੀ ਔਰਤ ਫਰਾਰ ਹੋਣ ਵਿੱਚ ਸਫ਼ਲ ਰਹੀ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਦੇ ਘਰੋਂ 50 ਲਿਟਰ ਲਾਹਣ, ਮਹਿੰਦਰ ਸਿੰਘ ਦੇ ਘਰੋਂ 50 ਲਿਟਰ ਲਾਹਣ ਬਰਾਮਦ ਕਰ ਲਈ। ਇਸੇ ਤਰ੍ਹਾਂ ਅੰਗਰੇਜ਼ ਸਿੰਘ ਦੇ ਘਰੋਂ 40 ਲਿਟਰ ਲਾਹਣ ਬਰਾਮਦ ਹੋਈ। ਪੁਲੀਸ ਨੇ ਦੋ ਮੁਲਜ਼ਮਾਂ ਅਦਾਲਤ ਵਿਚ ਪੇਸ਼ ਕਰਕੇ ਮਿਲੇ ਹੁਕਮਾਂ ਤਹਿਤ ਜੇਲ੍ਹ ਭੇਜ ਦਿੱਤਾ ਜਦ ਕਿ ਫਰਾਰ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।