ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਾਰਚ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸੁਤੰਤਰ ਭਵਨ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਆਪਣੇ ਰੂਬਰੂ ਸਮਾਗਮ ਵਿੱਚ ਨਾਟਕਕਾਰ ਅਤੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਦੁਨਿਆਵੀ ਵਰਤਾਰੇ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਡੇ ਕੋਲ ਸੰਸਕਾਰ ਸਨ ਅਤੇ ਵਿਦੇਸ਼ਾਂ ਕੋਲ ਸਿਸਟਮ ਸੀ ਪਰ ਸਾਡਾ ਅਜੋਕੇ ਦੌਰ ਦਾ ਦੁਖਾਂਤ ਇਹ ਹੈ ਕਿ ਅਸੀਂ ਸੰਸਕਾਰ ਵੀ ਨਹੀਂ ਬਚਾ ਸਕੇ ਅਤੇ ਸਿਸਟਮ ਵੀ ਨਹੀਂ ਬਣਾ ਸਕੇ, ਜਿਸ ਕਰਕੇ ਸਾਡੇ ਬਜ਼ੁਰਗ ਅਤੇ ਬੱਚੇ ਹਾਸ਼ੀਏ ’ਤੇ ਜਾ ਰਹੇ ਹਨ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਲੇਖਕ ਜਾਂ ਕਵੀ ਹੋਣ ਦੇ ਨਾਲ-ਨਾਲ ਇੱਕ ਸੁਚੇਤ ਚਿੰਤਕ ਹੋਣਾ ਵੀ ਲਾਜ਼ਮੀ ਹੁੰਦਾ ਹੈ। ਮੁੱਖ ਮਹਿਮਾਨ ਵਜੋਂ ਰਾਸ਼ਟਰੀ ਸਾਹਿਤ ਅਕਾਦਮੀ ਐਵਾਰਡੀ ਸ਼ਾਇਰ ਤਰਸੇਮ ਨੇ ਕਿਹਾ ਕਿ ਵਿਦਿਆਰਥੀ ਦੀ ਸਫ਼ਲਤਾ ਹੀ ਅਧਿਆਪਕ ਦਾ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ। ਡਾ. ਮੀਤ ਖਟੜਾ ਨੇ ਕਿਹਾ ਕਿ ਜਾਤੀ ਸੰਘਰਸ਼ ਦੀ ਬਜਾਏ ਜਮਾਤੀ ਸੰਘਰਸ਼ ਹੀ ਮਨੁੱਖਤਾ ਲਈ ਕਲਿਆਣਕਾਰੀ ਸਾਬਤ ਹੋ ਸਕਦਾ ਹੈ। ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਵਰਤਾਰੇ ਦੀ ਦਲਦਲ ਤੋਂ ਬਚਣ ਲਈ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲ ਜੁੜਨ ਦੀ ਲੋੜ ਹੈ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈਆਂ ਨਾਮਵਰ ਸ਼ਖ਼ਸੀਅਤਾਂ ਰਜਨੀਸ਼ ਬਹਾਦਰ, ਸਾਕ ਮੁਹੰਮਦ, ਦੇਵ ਥਰੀਕੇ, ਅਮਰਜੀਤ ਗੁਰਦਾਸਪੁਰੀ, ਲਤਾ ਮੰਗੇਸ਼ਕਰ ਅਤੇ ਭੱਪੀ ਲਹਿਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਦਾ ਨਾਟਕ ‘ਛੱਲਾ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਦਰਜਨਾਂ ਕਵੀਆਂ ਨੇ ਹਿੱਸਾ ਲਿਆ। ਅਖੀਰ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਰਜਿੰਦਰ ਸਿੰਘ ਰਾਜਨ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।