ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੁਲਾਈ
ਪੰਥਕ ਚੇਤਨਾ ਲਹਿਰ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵਲੋਂ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੇ ਦਫ਼ਤਰ ਅੱਗੇ ਸ਼ੁਰੂ ਕੀਤਾ ਮਰਨ ਵਰਤ ਛੇਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅੱਜ ਸਿਵਲ ਤੇ ਪੁਲੀਸ ਅਧਿਕਾਰੀਆਂ ਵਲੋਂ ਫੱਗੂਵਾਲਾ ਨੂੰ ਮਰਨ ਵਰਤ ਛੱਡਣ ਲਈ ਬੇਨਤੀ ਕੀਤੀ ਗਈ। ਐੱਸਜੀਪੀਸੀ ਮੈਂਬਰਾਂ ਨੇ ਵੀ ਫੱਗੂਵਾਲਾ ਨਾਲ ਮੁਲਾਕਾਤ ਕੀਤੀ ਹੈ। ਫੱਗੂਵਾਲਾ ਗੁਰਦੁਆਰਾ ਮਸਤੂਆਣਾ ਸਾਹਿਬ ਦੀ 25 ਏਕੜ ਜ਼ਮੀਨ ਇੱਕ ਟਰੱਸਟ ਵਲੋਂ ਮੈਡੀਕਲ ਕਾਲਜ ਲਈ ਪੰਜਾਬ ਸਰਕਾਰ ਨੂੰ ਦੇਣ ਦੇ ਮਾਮਲੇ ਦੀ ਜਾਂਚ ਕਰਾਉਣ ਲਈ ਐੱਸਜੀਪੀਸੀ ਤੋਂ ਮੰਗ ਕਰ ਰਹੇ ਹਨ। ਮਰਨ ਵਰਤ ਦੇ ਛੇਵੇਂ ਦਿਨ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਵਲੋਂ ਫੱਗੂਵਾਲਾ ਦੀ ਸਿਹਤ ਦਾ ਮੈਡੀਕਲ ਚੈਕਅਪ ਕੀਤਾ ਗਿਆ। ਫੱਗੂਵਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੂਗਰ ਲੈਵਲ ਕਾਫ਼ੀ ਵਧਿਆ ਹੋਇਆ ਹੈ ਅਤੇ ਸਿਹਤ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਡੀਐੱਸਪੀ ਹੰਸ ਰਾਜ, ਐੱਸ.ਐਚ.ਓ.ਥਾਣਾ ਸਦਰ ਅਤੇ ਤਹਿਸੀਲਦਾਰ ਪੁੱਜੇ ਸਨ ਜਿਨ੍ਹਾਂ ਨੇ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਐੱਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਮਲਕੀਤ ਸਿੰਘ ਚੰਗਾਲ ਅਤੇ ਰਾਮਪਾਲ ਸਿੰਘ ਬਹਿਣੀਵਾਲ ਨੇ ਵੀ ਪੁੱਜ ਕੇ ਮੰਗ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਗੁਰੂ ਘਰ ਦੀ ਜ਼ਮੀਨ ਮੁਫ਼ਤ ਵਿਚ ਮੈਡੀਕਲ ਕਾਲਜ ਲਈ ਪੰਜਾਬ ਸਰਕਾਰ ਨੂੰ ਦੇਣ ਅਤੇ ਨਿਯਮਾਂ ਦੇ ਉਲਟ ਜ਼ਮੀਨ ਸਰਕਾਰ ਨੂੰ ਟਰਾਂਸਫਰ ਕਰਨ ਦੇ ਮਾਮਲੇ ਦੀ ਐਸਜੀਪੀਸੀ ਵਲੋਂ ਜਾਂਚ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ।