ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਕਤੂਬਰ
ਇੱਕ ਪਾਸੇ ਕਿਸਾਨ ਸੰਘਰਸ਼ ਕਰ ਰਹੇ ਹਨ ਪਰ ਦੂਜੇ ਪਾਸੇ ਅਨਾਜ ਮੰਡੀ ’ਚ ਇਸ ਵਾਰ ਬਾਸਮਤੀ-1509 ਕਿਸਮ 1600-1750 ਰੁਪਏ ਕੁਇੰਟਲ ਤੱਕ ਤੇ ਬਾਸਮਤੀ-1121 ਦੀ ਹਾਲਤ 2000 ਤੋਂ ਘਟਣ ਕਰਕੇ ਉਤਪਾਦਕਾਂ ’ਚ ਨਿਰਾਸ਼ਾ ਹੈ। ਪਿਛਲੇ ਸਾਲ ਬਾਸਮਤੀ 2800 ਰੁਪਏ ਕੁਇੰਟਲ ਤੱਕ ਵਿਕੀ ਸੀ।
ਬਾਸਮਤੀ ਉਤਪਾਦਕਾਂ ’ਚ ਇਸ ਵਾਰ ਬਾਸਮਤੀ ਦੇ ਭਵਿੱਖ ’ਤੇ ਸਵਲ ਉਠ ਰਹੇ ਹਨ ਜਦੋਂਕਿ ਬਾਸਮਤੀ ਘੱਟ ਸਮੇਂ ਤੇ ਘੱਟ ਪਾਣੀ ਨਾਲ ਪੱਕਦੀ ਹੈ ਤੇ ਭਾਅ ਵੀ ਚੋਖਾ ਮਿਲਦਾ ਸੀ ਜਦੋਂਕਿ ਪਰਮਲ 1886 ਰੁਪਏ ਕੁਇੰਟਲ ਸਰਕਾਰ ਖਰੀਦ ਰਹੀ ਹੈ ਪਰ ਬਾਸਮਤੀ ਸਰਕਾਰ ਨਹੀਂ ਖਰੀਦ ਰਹੀ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਦੱਸਿਆ ਕਿ ਇਸ ਵੇਲੇ ਬਾਸਮਤੀ ਦੇ ਗਾਹਕ ਨਾ ਹੋਣ ਕਾਰਨ ਬਾਸਮਤੀ ਵੱਲ ਕੋਈ ਝਾਕਦਾ ਨਹੀਂ ਹੈ। ਆੜ੍ਹਤੀ ਸ਼ੰਭੂ ਗੋਇਲ ਨੇ ਦੱਸਿਆ ਕਿ ਰੇਟ ਘੱਟ ਮਿਲਣ ਕਾਰਨ ਕਿਸਾਨ ਬਾਹਰਲੇ ਸ਼ਹਿਰਾਂ ’ਚ ਝੋਨਾ ਵੇਚਣ ਜਾ ਰਹੇ ਹਨ। ਪਿਛਲੇ ਸਾਲ ਇਥੇ ਇਸ ਵੇਲੇ ਆਰ ਐੱਸ ਫੂਡ ਮਿਲ ਲਹਿਰਾਗਾਗਾ, ਹੇਮ ਰਾਜ ਐਂਡ ਕੰਪਨੀ, ਚਮਨ ਲਾਲ ਗਿਆਨ ਚੰਦ ਰਾਈਸ ਮਿਲ ਪਾਤੜਾਂ ਬਾਸਮਤੀ ਦੀ ਖਰੀਦ ਰਹੀ ਸੀ ਪਰ ਇਸ ਵਾਰ ਇਥੇ ਦੋ ਸ਼ੈਲਾ ਪਲਾਂਟ ਬੰਦ ਵਰਗੇ ਹਨ ਤੇ ਇੱਕੋ ਹੀ ਖ੍ਰੀਦਦਾਰ ਆਪਣੀ ਮਰਜ਼ੀ ਦੇ ਰੇਟ ’ਤੇ ਖਰੀਦ ਦੇ ਹਨ। ਬਲਾਕ ਖੇਤੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਕਿਹਾ ਕਿ ਬਲਾਕ ਲਹਿਰਾਗਾਗਾ ’ਚ 12500 ਹੈਕਟੇਅਰ ਬਾਸਮਤੀ ਦੀ ਕਾਸ਼ਤ ਹੋਈ ਹੈ। ਮਾਰਕਿਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਅਨੁਸਾਰ ਲਹਿਰਾਗਾਗਾ ਦੀ ਮੰਡੀ ’ਚ ਇਸ ਵਾਰ ਬਾਸਮਤੀ 920 ਮੀਟਰਕ ਟਨ ਚੁੱਕੀ ਹੈ ਤੇ ਪਰਮਲ ਕਿਸਮ ਦਾ ਝੋਨਾ ਲਹਿਰਾਗਾਗਾ ਮੁੱਖ ਯਾਰਡ ਤੇ 27 ਖਰੀਦ ਕੇਂਦਰਾਂ ’ਚ ਕਰੀਬ 620250 ਕੁਇੰਟਲ ਵਿਕ ਚੁੱਕੀ ਹੈ।
ਉਧਰ, ਵਪਾਰ ਮੰਡਲ ਦੇ ਪ੍ਰਧਾਨ ਨਰਾਤਾ ਰਾਮ ਫਤਿਹਗੜ੍ਹ ਨੇ ਦੱਸਿਆ ਕਿ ਚਾਵਲ ਦਾ ਰੇਟ ਕੌਮੀ ਪੱਧਰ ’ਤੇ ਘਟਣ ਦਾ ਅਸਰ ਬਾਸਮਤੀ ਦੀ ਖਰੀਦ ਦੇ ਰੇਟਾਂ ’ਤੇ ਪਿਆ ਹੈ। ਬਾਸਮਤੀ ਚਾਵਲਾਂ ਦੀ ਮੰਗ ਘਟਣ ਕਰਕੇ ਝੋਨੇ ਦੀ ਵਿੱਕਰੀ ਨਹੀਂ ਹੋ ਰਹੀ।