ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਅਪਰੈਲ
‘ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਤੂੰਬਾ ਨਾ ਵੱਜਦਾ ਤਾਰ ਬਿਨਾ’’, ਵਰਗੇ ਮਸ਼ਹੂਰ ਗੀਤਾਂ ਵਿੱਚ ਤੂੰਬੇ ਨਾਲ ਰੰਗ ਜਮਾਉਣ ਵਾਲੇ ਕਲਾਕਾਰ ਨਿਰਮਲ ਤੁਰੀਆ ਦੀ ਜ਼ਿੰਦਗੀ ਤਰਸਯੋਗ ਹੋ ਗਈ ਹੈ। ਉਹ ਅੱਜ ਕੱਲ੍ਹ ਬਾਬਾ ਸਾਹਬ ਦਾਸ ਬਿਰਧਘਰ ਘਰਾਚੋਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸੈਂਕੜੇ ਗੀਤਾਂ ਵਿੱਚ ਆਪਣਾ ਸੰਗੀਤ ਦੇਣ ਵਾਲਾ ਤੂੰਬੇ ਦਾ ਬਾਦਸ਼ਾਹ ਨਿਰਮਲ ਤੁਰੀਆ ਨੂੰ ਅਧਰੰਗ ਹੋਣ ਕਾਰਨ ਉਸ ਦਾ ਖੱਬਾ ਪਾਸਾ ਖੜ੍ਹ ਗਿਆ ਹੈ। ਬਿਰਧਘਰ ਵਿੱਚ ਲੈ ਕੇ ਆਉਣ ਵਾਲੇ ਉਸ ਦੇ ਮਿੱਤਰ ਕਲਾਕਾਰ ਤੇਜ਼ੀ ਸਜੂਮਾ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ, ਆਪਣੀ ਸ਼ੋਹਰਤ ਦੇ ਦਿਨਾਂ ਵਿੱਚ ਉਹ ਇਕੱਲੇ ਪੰਜਾਬ ਜਾਂ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਦੇਸ਼ਾਂ ਵਿਚ ਜਾਂਦਾ ਆਉਂਦਾ ਰਿਹਾ। ਬਿਰਧਘਰ ਦੇ ਮੁੱਖ ਪ੍ਰਬੰਧਕ ਅਵਿਨਾਸ਼ ਰਾਣਾ ਨੇ ਦੱਸਿਆ ਕਿ ਇਸ ਦੇ ਇੱਥੇ ਆਉਣ ਮਗਰੋਂ ਉਨ੍ਹਾਂ ਕੋਲ ਲਗਾਤਾਰ ਮਿਲਣ ਪੰਜਾਬੀ ਸਾਹਿਤ ਦੇ ਲੇਖਕ, ਕਲਾਕਾਰ ਗਾਇਕ, ਸਾਜ਼ੀ ਅਤੇ ਰਾਜਨੀਤਕ ਲੋਕ ਵੀ ਆ ਰਹੇ ਹਨ। ਇਸ ਸਮੇਂ ਉਹ ਸਰੀਰਕ ਪੱਖੋਂ ਬਹੁਤ ਕਮਜ਼ੋਰ ਅਤੇ ਮਾਨਸਿਕ ਪੱਖੋਂ ਡਰਿਆ ਹੋਇਆ ਹੈ। ਆਸ਼ਰਮ ਦੀ ਸੁਪਰਡੈਂਟ ਰਾਜੇਸ਼ ਕੁਮਾਰੀ ਨੇ ਦੱਸਿਆ ਕਿ ਇਸ ਬਜ਼ੁਰਗ ਦੀ ਹਾਲਤ ਇਸ ਸਮੇਂ ਸਥਿਰ ਨਹੀਂ ਹੈ, ਆਪਣੇ ਆਪ ਉੱਠ ਬੈਠ ਨਹੀਂ ਸਕਦਾ। ਹੱਥ ਕੰਮ ਨਾ ਕਰਨ ਕਰਕੇ ਖਾਣ ਤੋਂ ਵੀ ਅਸਮਰੱਥ ਹੈ ਪਰ ਬਿਰਧ ਆਸ਼ਰਮ ਦੀ ਪੂਰੀ ਟੀਮ ਇਸ ਦੀ ਸੇਵਾ ਸੰਭਾਲ ਵਿਚ ਲੱਗੀ ਹੋਈ ਹੈ।