ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 6 ਨਵੰਬਰ
ਪਿੰਡ ਲੱਡਾ ਵਿੱਚ ਇੱਕ ਕਿਸਾਨ ਦੇ ਡੇਅਰੀ ਫਾਰਮ ਵਿਚ ਮੂੰਹ-ਖੁਰ ਦੀ ਬਿਮਾਰੀ ਤੋਂ ਪੀੜਤ 10 ਪਸ਼ੂਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਸ ਬਿਮਾਰੀ ਤੋਂ ਪੀੜਤ ਕਰੀਬ 30 ਤੋਂ ਵੱਧ ਪਸ਼ੂ ਬਿਮਾਰ ਹਨ। ਡੇਅਰੀ ਫਾਰਮ ਦੇ ਮਾਲਕ ਕਿਸਾਨ ਅਨੁਸਾਰ ਉਸ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਸ਼ੂ ਪਾਲਣ ਵਿਭਾਗ ਵਲੋਂ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਕਰਵਾ ਕੇ ਟੈਸਟ ਜਾਂਚ ਲਈ ਜਲੰਧਰ ਲੈਬਾਰਟਰੀ ’ਚ ਭੇਜ ਦਿੱਤੇ ਹਨ।
ਪੰਜਾਬ ਸਰਕਾਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ ਯੂਨੀਅਨ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਲੱਡਾ ਡੇਅਰੀ ਫਾਰਮ ਐਂਡ ਮਿਲਕ ਪ੍ਰੋਡਿਊਸਰ ਦੇ ਮਾਲਕ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਸ ਦੇ ਡੇਅਰੀ ਫਾਰਮ ’ਚ ਮੂੰਹ-ਖੁਰ ਦੀ ਬਿਮਾਰੀ ਨਾਲ 10 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 9 ਗਊਆਂ ਅਤੇ ਇੱਕ ਮੱਝ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਡੇਅਰੀ ਫਾਰਮ ਵਿਚ ਕਰੀਬ 70/80 ਪਸ਼ੂ ਹਨ ਜਿਨ੍ਹਾਂ ਵਿਚੋਂ ਅਜੇ ਵੀ ਕਰੀਬ 30 ਤੋਂ ਵੱਧ ਪਸ਼ੂ ਬਿਮਾਰ ਹਨ। ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਗਿਲਾ ਜ਼ਾਹਿਰ ਕਰਦਿਆਂ ਦੱਸਿਆ ਕਿ ਹਰ ਸਾਲ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਈ ਜਾਂਦੀ ਸੀ ਪਰੰਤੂ ਪਿਛਲੇ ਦੋ ਸਾਲ ਤੋਂ ਸਰਕਾਰ ਵਲੋਂ ਵੈਕਸੀਨ ਨਹੀਂ ਲਗਾਈ ਗਈ ਜਿਸ ਲਈ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਅਣਗਹਿਲੀ ਕਾਰਨ ਉਸ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਅਤੇ ਅਜੇ ਹੋਰ ਨੁਕਸਾਨ ਦੀ ਤਲਵਾਰ ਵੀ ਸਿਰ ’ਤੇ ਲਟਕ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀ ਤੋਂ ਪੀੜਤ ਹੋਣ ਕਾਰਨ ਪਸ਼ੂਆਂ ਦਾ ਮੂੰਹ ਪੱਕ ਜਾਂਦਾ ਹੈ ਅਤੇ ਖੁਰਾਂ ਵਿਚ ਜ਼ਖ਼ਮ ਹੋ ਜਾਂਦੇ ਹਨ। ਕੱਲ੍ਹ ਦਿਨ ਵਿੱਚ ਅਤੇ ਬੀਤੀ ਰਾਤ 10 ਪਸ਼ੂਆਂ ਦੀ ਮੌਤ ਹੋਈ ਹੈ। ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਡੇਅਰੀ ਫਾਰਮ ਦੇ ਕਿੱਤੇ ਵੱਲ ਧਿਆਨ ਨਹੀਂ ਹੈ। ਨਾ ਤਾਂ ਪਸ਼ੂਆਂ ਦਾ ਕੋਈ ਬੀਮਾ ਅਤੇ ਨਾ ਹੀ ਕੋਈ ਹੋਰ ਸਹੂਲਤ ਹੈ। ਪਿੰਡ ਦੀ ਪਸ਼ੂ ਡਿਸਪੈਂਸਰੀ ’ਚ ਤਾਇਨਾਤ ਇੱਕ ਵੈਟਰਨਰੀ ਡਾਕਟਰ ਚਾਰ ਪਿੰਡਾਂ ’ਚ ਡਿਊਟੀ ਨਿਭਾਉਂਦਾ ਹੈ। ਜਗਰੂਪ ਸਿੰਘ ਨੇ ਦੱਸਿਆ ਕਿ ਉਹ ਡੇਅਰੀ ਫਾਰਮ ਦੇ ਕਿੱਤੇ ’ਚ ਸੰਨ 2018 ’ਚ ਪੰਜਾਬ ਸਰਕਾਰ ਵਲੋਂ ਪੁਰਸਕਾਰ ਵਿਜੇਤਾ ਕਿਸਾਨ ਹੈ ਜਿਸ ਨੂੰ ਯੂਨੀਵਰਸਿਟੀ ਵਲੋਂ ਵੀ ਸਨਮਾਨ ਮਿਲੇ ਹਨ ਪਰੰਤੂ ਸਰਕਾਰ ਦੀ ਵੈਕਸੀਨ ਨਾ ਲਗਾਉਣ ਦੀ ਅਣਗਹਿਲੀ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਏ ਨੁਕਸਾਨ ਬਦਲੇ ਮੂਆਵਜ਼ਾ ਦਿੱਤਾ ਜਾਵੇ। ਕਿਸਾਨ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧਿਆਨ ਵਿਚ ਵੀ ਪੂਰਾ ਮਾਮਲਾ ਲਿਆ ਦਿੱਤਾ ਹੈ। ਉਧਰ ਅੱਜ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਇੱਕ ਟੀਮ ਵਲੋਂ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਸੀਨੀਅਰ ਵੈਟਰਨਰੀ ਅਫ਼ਸਰ ਡਾ. ਤਪਿੰਦਰਜੀਤ ਸਿੰਘ ਨੇ ਦੱਸਿਆ ਕਿ ਟੈਸਟ ਜਾਂਚ ਲਈ ਜਲੰਧਰ ਲੈਬਾਰਟਰੀ ’ਚ ਭੇਜੇ ਜਾ ਰਹੇ ਹਨ। ਪੋਸਟਮਾਰਟਮ ਰਿਪੋਰਟ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ 10 ਪਸ਼ੂਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਭਾਗ ਪੀੜਤ ਕਿਸਾਨ ਦੇ ਨਾਲ ਹੈ ਅਤੇ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇਗੀ।