ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਨਾ ਕਰਨ ਦੇ ਅੜੀਅਲ ਰਵੱਈਏ ਖ਼ਿਲਾਫ਼ ਗਰਜ਼ ਬਰਕਰਾਰ ਹੈ। ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਅਤੇ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਉਹ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਅੱਗੇ ਨਹੀਂ ਝੁਕਣਗੇ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਿਣਗੇ। ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵਲੋਂ ਜਦੋਂ ਕਿ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਲਗਾਤਾਰ ਪੱਕੇ ਰੋਸ ਧਰਨੇ ਜਾਰੀ ਹਨ ਜਿਸ ਵਿਚ ਰੋਜ਼ਾਨਾ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਮੂਲੀਅਤ ਕਰਕੇ ਆਵਾਜ਼ ਬੁਲੰਦ ਕਰਦੀਆਂ ਹਨ। ਇਥੇ ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੇਲ ਸਿੰਘ ਮਹਿਰੋਕ, ਰੋਹੀ ਸਿੰਘ ਮੰਗਵਾਲ, ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ, ਜਰਨੈਲ ਸਿੰਘ ਜਹਾਂਗੀਰ, ਗੁਰਬਖਸ਼ੀਸ਼ ਸਿੰਘ, ਮੋਹਨ ਲਾਲ, ਬਲਵਿੰਦਰ ਸਿੰਘ ਬਡਰੁੱਖਾਂ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾ ਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਗੁਰਦੀਪ ਕੰਮੋਮਾਜਰਾ, ਲਾਭ ਸਿੰਘ ਖੁਰਾਣਾ, ਸੋਮ ਨਾਥ ਸ਼ੇਰੋਂ, ਭੋਲਾ ਸਿੰਘ ਗੁਰਦਾਸਪੁਰਾ ਆਦਿ ਨੇ ਸੰਬੋਧਨ ਕੀਤਾ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਟੌਲ ਪਲਾਜਿਆਂ ਅਤੇ ਪੈਟਰੋਲ ਪੰਪ ਤੇ 188 ਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ।
ਅਮਰਗੜ੍ਹ (ਰਾਜਿੰਦਰ ਜੈਦਕਾ): ਪ੍ਰੈੱਸ ਕਲੱਬ ਵੱਲੋਂ ਸੁਖਵਿੰਦਰ ਸਿੰਘ ਝੱਲ ਦੀ ਪ੍ਰਧਾਨਗੀ ਹੇਠ ਟੌਲ ਪਲਾਜ਼ਾ ਮਾਹੋਰਾਣਾ ਵਿਖੇ ਇੱਕ ਵਿਸ਼ੇਸ ਸਮਾਗਮ ਕਰਕੇ ਜਿਥੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਉੱਥੇ ਵੱਖ ਵੱਖ ਬੁਲਾਰਿਆਂ ਤੇ ਕਲਾਕਾਰਾਂ ਨੇ ਵੀ ਆਪਣੇ ਗੀਤਾਂ ਰਾਹੀ ਕਿਸਾਨਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ, ਸੁਖਵਿੰਦਰ ਸੁੱਖੀ, ਕਰਮਾ ਟੌਪਰ, ਹਰਵਿੰਦਰ ਹੈਰੀ, ਚਮਕੌਰ ਖਟੜਾ, ਹਰਿੰਦਰ ਨਾਭਾ ਆਦਿ ਨੇ ਗੀਤ ਗਾ ਕੇ ਕਿਸਾਨਾਂ ਦਾ ਮਨੋਰੰਜਨ ਕੀਤਾ। ਪੱਤਰਕਾਰਾਂ ਨੇ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਲਾਲ ਸਿੰਘ ਤੋਲੇਵਾਲ, ਨਰਿੰਦਰਜੀਤ ਸਿੰਘ ਸਲਾਰ, ਮਨਜੀਤ ਸਿੰਘ ਭੁੱਲਰਾਂ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਭੁੱਲਰਾਂ, ਭੁਪਿੰਦਰ ਸਿੰਘ ਭਿੰਦਾ, ਹਰਬੰਸ ਸਿੰਘ ਸਲਾਰ, ਗੁਰਦੁਆਰਾ ਬੁਰਜ ਬਘੇਲ ਸਿੰਘ ਵਾਲਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ।