ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜ ਦਿਨਾਂ ਤੋਂ ਇੱਥੇ ਡੀ.ਸੀ. ਦਫ਼ਤਰ ਅੱਗੇ ਚੱਲ ਰਹੇ ਰੋਸ ਧਰਨੇ ਨੂੰ 30 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੂਬਾਈ ਆਗੂਆਂ ਨੇ ਧਰਨੇ ਦੌਰਾਨ ਐਲਾਨ ਕੀਤਾ ਕਿ ਲੰਘੇ ਕੱਲ੍ਹ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਇੱਕ ਹਫ਼ਤੇ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ ਜਿਸ ਕਰਕੇ ਜਥੇਬੰਦੀ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਡੀ.ਸੀ. ਦਫ਼ਤਰ ਅੱਗੇ 30 ਦਸੰਬਰ ਤੱਕ ਡਟੇ ਰਹਿਣਗੇ।
ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਬੀਤੀ 20 ਦਸੰਬਰ ਤੋਂ ਜਥੇਬੰਦੀ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਠੰਢ ਦੇ ਬਾਵਜੂਦ ਰੋਸ ਧਰਨਿਆਂ ’ਚ ਡਟੇ ਹੋਏ ਹਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਨਾਲ਼ ਸਬੰਧਤ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੀਆਂ ਮੰਗਾਂ ਦੀ ਪੂਰਤੀ ਅਤੇ ਮਸਲਿਆਂ ਦੇ ਹੱਲ ਲਈ ਇੱਥੇ ਡੀ.ਸੀ ਦਫਤਰ ਮੂਹਰੇ ਆਰੰਭਿਆ ਜ਼ਿਲ੍ਹਾ ਪੱਧਰਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਦੀ ਅਗਵਾਈ ਹੇਠ ਇਹ ਧਰਨਾ ਦਿਨ ਰਾਤ ਜਾਰੀ ਰਹਿੰਦਾ ਹੈ। ਦਿੱਲੀ ਤੋਂ ਪਰਤਣ ਮਗਰੋਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ’ਤੇ ਤਰਪਾਲਾਂ ਅਤੇ ਤੰਬੂਆਂ ਨਾਲ਼ ਬਣਾਏ ‘ਚੱੱਲਦੇ ਫਿਰਦੇ ਘਰ’ ਜਿਉਂ ਦੇ ਤਿਓ ਰੱਖੇ ਹੋਏ ਹਨ ਜਿਨ੍ਹਾਂ ਦੀ ਵਰਤੋਂ ਪੰਜ ਦਿਨਾਂ ਤੋਂ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਮੂਹਰੇ ਜਾਰੀ ਧਰਨਿਆਂ ਲਈ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਨੇ ਦੱਸਿਆ ਕਿ ਇਹ ਪੰਜ ਰੋਜ਼ਾ ਧਰਨੇ ਇਕੱਲੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹੀ ਦਿੱਤੇ ਜਾ ਰਹੇ ਹਨ। ਨਿਆਲ਼ ਦਾ ਕਹਿਣਾ ਸੀ ਕਿ ਇਹ ਧਰਨੇ ਭਾਵੇਂ ਪਹਿਲਾਂ 24 ਦਸੰਬਰ ਨੂੰ ਪੰਜਵੇਂ ਦਿਨ ਸਮੇਟ ਲੈਣ ਦਾ ਪ੍ਰੋਗਰਾਮ ਸੀ ਪਰ ਸੂਬਾ ਸਰਕਾਰ ਵੱੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਕਾਰਨ ਦੇ ਰੋਸ ਵਜੋਂ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਵੱਲੋਂ 30 ਦਸੰਬਰ ਤੱਕ ਵਧਾ ਦਿੱਤੇ ਗਏ ਹਨ। ਇਸ ਤਹਿਤ ਡੀਸੀ ਦਫ਼ਤਰ ਦੇ ਬਾਹਰ ਇਹ ਧਰਨਾ ਅਜੇ ਛੇ ਦਿਨ ਹੋਰ ਜਾਰੀ ਰਹੇਗਾ।