ਖੇਤਰੀ ਪ੍ਰਤੀਨਿਧ
ਧੂਰੀ, 22 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਧੂਰੀ ਦੇ ਬੇਨੜਾ ਦਰਵਾਜ਼ੇ ਕੋਲ ਇਕਾਈ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਜਥੇਬੰਦੀ ਧਰਤੀ ਹੇਠਲੇ ਪਾਣੀ ਨੂੰ ਉੱਪਰ ਲਿਆਉਣ ਲਈ ਖ਼ਾਕਾ ਤਿਆਰ ਕਰ ਰਹੀ ਹੈ ਜਿਸ ਵਿੱਚ ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਮੰਗਿਆ ਹੈ। ਇਸ ਮੌਕੇ ਮਨਜੀਤ ਸਿੰਘ ਜਹਾਂਗੀਰ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਕਿਰਪਾਲ ਸਿੰਘ ਧੂਰੀ, ਜਸਪਾਲ ਸਿੰਘ ਪੇਧਨੀ ਕਲਾ ਵੀ ਹਾਜ਼ਰ ਸਨ। ਇਸ ਕੜੀ ਤਹਿਤ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਦੀ ਅਗਵਾਈ ਹੇਠ ਧੂਰੀ ਅੰਦਰ ਹੋਈ ਜਿਸ ਵਿੱਚ ਧਰਤੀ ਤੇ ਹੇਠਲੇ ਪਾਣੀ ਨੂੰ ਬਚਾਉਣ ਲਈ ਰੂਪ ਰੇਖਾ ਤਿਆਰ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੇ ਖੇਤਾ ਦੇ ਆਲੇ ਦੁਆਲੇ ਵੱਧ ਬੂਟੇ ਲਾਉਣ । ਉਨ੍ਹਾਂ ਕਿਹਾ ਜਥੇਬੰਦੀ ਪਿੰਡ ਪਿੰਡ ਜਾ ਕੇ ਲੋਕਾਂ ਤੇ ਕਿਸਾਨਾਂ ਨੂੰ ਬੂਟੇ ਲਾਉਣ ਦੀ ਅਪੀਲ ਕਰਨ ਦੇ ਨਾਲ-ਨਾਲ ਪਾਣੀ ਨੂੰ ਬਚਾਉਣ ਲਈ ਪ੍ਰਚਾਰ ਕਰੇਗੀ।
ਝੋਨੇ ਦੀ ਸਿੱਧੀ ਬਿਜਾਈ ਲਈ ਕੈਂਪ
ਲਹਿਰਾਗਾਗਾ (ਪੱਤਰ ਪ੍ਰੇਰਕ): ਖੇਤੀ ਸਲਾਹਕਾਰ ਸੇਵਾ ਕੇਂਦਰ ਅਤੇ ਕੇ ਵੀ ਕੇ ਖੇੜੀ ਦੇ ਸਾਂਝੇ ਉੱਦਮ ਸਦਕਾ ਅੱਜ ਪਿੰਡ ਸੰਗਤਪੁਰਾ, ਖੋਖਰ ਕਲਾਂ ਅਤੇ ਹਰਿਆਉ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨ ਗੋਸ਼ਟੀ ਅਤੇ ਸਿਖਲਾਈ ਕੈਂਪ ਲਾਇਆ ਗਿਆ। ਪ੍ਰੋਗਰਾਮ ਦੇ ਪ੍ਰਬੰਧਕ ਡਾ. ਬੂਟਾ ਸਿੰਘ ਰੋਮਾਣਾ ਨੇ ਪਾਣੀ ਦੇ ਡਿਗਦੇ ਪੱਧਰ ’ਤੇ ਚਿੰਤਾ ਜਤਾਉਂਦਿਆਂ ਸਮੂਹ ਕਿਸਾਨਾਂ ਨੂੰ ਕੁਦਰਤ ਦੇ ਇਸ ਅਦੁੱਤੀ ਤੋਹਫੇ ਨੂੰ ਬਚਾਉਣ ਦਾ ਸੱਦਾ ਦਿੱਤਾ। ਇਸ ਸਬੰਧੀ ਅਗਾਂਹਵਧੂ ਕਿਸਾਨਾਂ ਵਾਸਦੇਵ ਸ਼ਰਮਾ, ਵਕੀਲ ਸਿੰਘ ਹਰਿਆਉ, ਸੁਖਤਾਰ ਸਿੰਘ ਸੰਗਤਪੁਰਾ ਅਤੇ ਗੁਰਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।