ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦਾ ਪਹਿਲਾ ਅਜਿਹਾ ਪ੍ਰਧਾਨ ਮੰਤਰੀ ਸਾਬਤ ਹੋਇਆ ਹੈ ਜਿਸ ਨੂੰ ਲੋਕ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਦੀ ਚਿੰਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਤੰਤਰ ਵਿਚ ਲੋਕ ਵੱਡੇ ਹੁੰਦੇ ਹਨ। ਜੇ ਲੋਕ ਸਰਕਾਰਾਂ ਬਣਾ ਸਕਦੇ ਹਨ ਤਾਂ ਉਹ ਸਰਕਾਰਾਂ ਬਦਲ ਵੀ ਸਕਦੇ ਹਨ। ਇਸ ਕਰਕੇ ਕੇਂਦਰ ਸਰਕਾਰ ਨੂੰ ਸੱਤਾ ਦੇ ਨਸ਼ੇ ਵਿਚ ਦੇਸ਼ ਦੇ ਅੰਨਦਾਤਾ ਨੂੰ ਭੁਲਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਦਿਆਂ ਖੇਤੀ ਮਾਰੂ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ। ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੱਕੇ ਰੋਸ ਧਰਨਿਆਂ ’ਤੇ ਕਿਸਾਨ ਡਟੇ ਹੋਏ ਹਨ ਜੋ ਕਿ ਨਿੱਤ ਦਿਨ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ। ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਨਿਰਮਲ ਸਿੰਘ ਬਟੜਿਆਣਾ, ਹਰਜੀਤ ਸਿੰਘ ਕਲੌਦੀ, ਸੁਖਦੇਵ ਸਿੰਘ, ਰਾਮ ਸਿੰਘ ਸੋਹੀਆਂ, ਦਲਵਾਰਾ ਸਿਘ ਨਾਗਰਾ, ਮੱਘਰ ਸਿੰਘ ਉਭਾਵਾਲਾ, ਨਾਨਕ ਸਿੰਘ ਦੁੱਗਾਂ, ਬਲਵਿੰਦਰ ਸਿੰਘ ਉਪਲੀ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ , ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਮੰਗਵਾਲ, ਲਾਭ ਖੁਰਾਣਾ , ਗੁਰਦੇਵ ਕੰਮੋਮਾਜਰਾ , ਹਰਦੇਵ ਕਲਾਰਾਂ , ਸਰੂਪ ਚੰਦ ਕਿਲਾਭਰੀਆਂ , ਗੁਰਮੇਲ ਕੌਰ, ਕਰਨੈਲ ਕੌਰ, ਕਰਮਜੀਤ ਕੌਰ, ਕੁਲਵੰਤ ਕੌਰ ਅਤੇ ਜਗਸੀਰ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ ਅਤੇ ਲੋਕ ਹਿੱਤਾਂ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਹੈ ਜਿਸ ਕਾਰਨ ਦੇਸ਼ ਭਰ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ ਪਰੰਤੂ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਤਰਾਂ ਤਰਾਂ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਗੂੰਜ਼ ਦੇਸ਼ ਦੀਆਂ ਹੱਦਾਂ ਪਾਰ ਕਰਕੇ ਵਿਦੇਸ਼ਾਂ ਤੱਕ ਜਾ ਪੁੱਜੀ ਹੈ ਪਰੰਤੂ ਦਿੱਲੀ ਬੈਠੀ ਕੇਂਦਰ ਸਰਕਾਰ ਨੂੰ ਸੁਣਾਈ ਨਹੀਂ ਦੇ ਰਹੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਦੇਸ਼ ਦੇ ਅੰਨਦਾਤਾ ਦੀ ਹਰ ਮੰਗ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲਾ ਕਿਸਾਨ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇ। ਇਸ ਦੇ ਵਿੱਚ ਹੀ ਕਿਸਾਨਾਂ, ਮਜ਼ਦੂਰਾਂ ਤੇ ਹੋਰ ਦੇਸ਼ਵਾਸੀਆਂ ਦਾ ਭਲਾ ਹੈ।