ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਗਸਤ
ਇਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਬਲਾਕ ਲਹਿਰਾਗਾਗਾ ਦੇ ਆਗੂਆਂ ਨੂੰ ਦਿਹਾਤੀ ਐੱਸਡੀਓ ਵੱਲੋਂ ਵਰਤੀ ਇਤਰਾਜ਼ਯੋਗ ਸ਼ਬਦਾਬਲੀ ਦੇ ਰੋਸ ਵਜੋਂ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਕੇ ਘਿਰਾਓ ਕੀਤਾ ਗਿਆ। ਤਿੰਨ ਪਿੰਡਾਂ ਗਾਗਾ, ਕਾਲਵੰਜਾਰਾ ਅਤੇ ਗੰਢੂਆਂ ਦੇ ਦਿਹਾਤੀ ਟਰਾਂਸਫਾਰਮਰਾਂ ਨੂੰ ਲਗਾਉਣ ਸਬੰਧੀ ਐੱਸਡੀਓ ਗੁਰਸੇਵਕ ਸਿੰਘ ਨਾਲ ਜਦੋਂ ਬਲਾਕ ਦੇ ਆਗੂ ਅਤੇ ਅਮਰੀਕ ਸਿੰਘ ਗੰਢੂਆਂ ਇਕਾਈ ਪ੍ਰਧਾਨ ਮਿਲਣ ਲਈ ਗਏ ਤਾਂ ਗੱਲਬਾਤ ਸਮੇਂ ਐੱਸਡੀਓ ਨੇ ਆਗੂਆਂ ਨਾਲ ਮਸਲੇ ਦਾ ਹੱਲ ਕਰਨ ਦੀ ਥਾਂ ਭੱਦੀ ਸ਼ਬਦਾਵਲੀ ਵਰਤ ਕੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਡੀਓ ਵੱਲੋਂ ਗਲਤੀ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਉਦੋਂ ਤੱਕ ਦਫ਼ਤਰ ਦਾ ਘਿਰਾਓ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ , ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ,ਮੱਖਣ ਸਿੰਘ ਪਾਪੜਾ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ , ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਨਿੱਕਾ ਸਿੰਘ ਸੰਗਤੀਵਾਲਾ,ਅਮਰੀਕ ਸਿੰਘ ਗੰਢੂਆਂ, ਜਸ਼ਨਦੀਪ ਕੋਰ ਪਿਸ਼ੌਰ, ਬਲਜੀਤ ਕੌਰ ਲਹਿਲ ਕਲਾਂ , ਜਸਵਿੰਦਰ ਕੌਰ ਗਾਗਾ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਨੇ ਵੀ ਸੰਬੋਧਨ ਕੀਤਾ।
ਐਕਸੀਅਨ ਪਾਵਰਕੌਮ ਦਾ ਪੱਖ
ਐਕਸੀਅਨ ਇੰਜਨੀਅਰ ਕੁਲਰਾਜ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਕੁੱਝ ਥਾਵਾਂ ’ਤੇ ਵੱਡੀਆਂ ਮੋਟਰਾਂ ਪਾਉਣ ਕਰਕੇ ਵੱਡੇ ਟਰਾਂਸਫਾਰਮਰ ਸੜ ਰਹੇ ਹਨ ਅਤੇ ਕਿਸਾਨ ਮੋਟਰਾਂ ਸਹੀ ਪਾਉਣ ਦੀ ਬਜਾਏ ਨਵੇਂ ਟਰਾਂਸਫਾਰਮਰ ਲਾਉਣ ਦੀ ਜ਼ਿੱਦ ਕਰ ਰਹੇ ਹਨ। ਉਨ੍ਹਾਂ ਐੱਸਡੀਓ ਵੱਲੋਂ ਕਥਿੱਤ ਗਲਤ ਸ਼ਬਦਾਵਲੀ ਬੋਲਣ ਨੂੰ ਨਕਾਰਦੇ ਕਿਹਾ ਕਿ ਕਿਸਾਨ ਆਗੂਆਂ ਨੂੰ ਸਿਰਫ਼ ਟਰਾਂਸਫਾਰਮਰ ਸੜਣ ਤੋਂ ਮਨਜੂਰਸ਼ੁਦਾ ਮੋਟਰਾਂ ਚਲਾਉਣ ਬਾਰੇ ਕਿਹਾ ਸੀ ਜਦਕਿ ਕਿਸਾਨਾਂ ਨੇ ਉਸ ਤੋਂ ਵੀ ਵੱਡੀਆਂ ਮੋਟਰਾਂ ਚਲਾਉਣ ਬਾਰੇ ਕਿਹਾ। ਐਕਸੀਅਨ ਦਾ ਕਹਿਣਾ ਹੈ ਕਿ ਸਾਰੇ ਬਿਜਲੀ ਕਾਮੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਹੋਣ ਕਰਕੇ ਕਿਸਾਨਾਂ ਦੇ ਮੱਦਦਗਾਰ ਹਨ।