ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਪੰਜਾਬ ਦੀਆਂ ਸੰਘਰਸ਼ਸੀਲ ਜਥੇਬੰਦੀਆਂ ਨੇ ਡੀਸੀ ਦਫਤਰਾਂ ਅੱਗੇ ਰੋਸ ਧਰਨਿਆਂ ਦੇ ਤਾਲਮੇਲਵੇਂ ਪ੍ਰੋਗਰਾਮ ਤਹਿਤ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇਥੇ ਮਹਿਲਾਂ ਰੋਡ ਸਥਿਤ ਦਿੱਲੀ-ਲੁਧਿਆਣਾ ਹਾਈਵੇਅ ’ਤੇ ਵਿਸ਼ਵ ਵਪਾਰ ਸੰਸਥਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਅਰਵਿੰਦ ਖੰਨਾ ਦਾ ਦਿਓ ਕੱਦ ਪੁਤਲਾ ਫ਼ੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਅਰਵਿੰਦ ਖੰਨਾ ਦੀ ਕੋਠੀ ਅੱਗੇ ਚੱਲ ਰਹੇ ਰੋਸ ’ਤੇ ਇਕੱਠੇ ਹੋਣ ਮਗਰੋਂ ਕਿਸਾਨਾਂ ਵੱਲੋਂ ਹਾਈਵੇਅ ਤੱਕ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ’ਚ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਲ ਹੋਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਕਿਸਾਨ ਅਰਵਿੰਦ ਖੰਨਾ ਦੀ ਕੋਠੀ ਅੱਗੇ ਰੋਸ ਧਰਨੇ ’ਚ ਸ਼ਾਮਲ ਹੋਏ ਜਿੱਥੋਂ ਬਾਅਦ ਦੁਪਹਿਰ ਰੋਸ ਮਾਰਚ ਕਰਦੇ ਹੋਏ ਮਹਿਲਾਂ ਰੋਡ ’ਤੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਪੁੱਜੇ ਜਿਥੇ ਖੰਨਾ ਅਤੇ ਵਿਸ਼ਵ ਵਪਾਰ ਸੰਸਥਾ ਦਾ ਕੱਦ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਦੋਨਾਂ ਕਿਸਮਾਂ ਦੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਲਗਾਤਾਰ ਦਿਨ ਰਾਤ ਜਾਰੀ ਰੱਖੇ ਜਾਣਗੇ। ਇਸ ਮੌਕੇ ਵੱਖ ਵੱਖ ਬਲਾਕਾਂ ਦੇ ਆਗੂ ਜਸਵੰਤ ਸਿੰਘ ਤੋਲਾਵਾਲ ਮਨਜੀਤ ਸਿੰਘ ਘਰਾਚੋਂ ਰਿੰਕੂ ਮੂਨਕ ਭਰਭੂਰ ਸਿੰਘ ਮੋੜ੍ਹਾ ਬਲਵਿੰਦਰ ਸਿੰਘ ਮਨਿਆਣਾ ਹਰਪਾਲ ਸਿੰਘ ਪੇਧਨੀ ਰਣਜੀਤ ਸਿੰਘ ਲੌਂਗੋਵਾਲ ਔਰਤ ਆਗੂ ਜਸਵੀਰ ਕੌਰ ਉਗਰਾਹਾਂ ਰਣਦੀਪ ਕੋਰ ਰਟੋਲਾ ਹਾਜ਼ਰ ਸਨ।
ਪਟਿਆਲਾ (ਖੇਤਰੀ ਪ੍ਰਤੀਨਿਧ):
ਇੱਥੇ 37 ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ’ ਨਾਲ ਸਬੰਧਤ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਝੋਨੇ ਦੀ ਖਰੀਦ ਤੇ ਲਿਫਟਿੰਗ ਸਣੇ ਡੀਏਪੀ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦੇ ਕੇ ਜੇਲ੍ਹ ਰੋਡ ਦੇ ਇੱਕ ਪਾਸੇ ’ਤੇ ਆਵਾਜਾਈ ਠੱਪ ਕਰੀਂ ਰੱਖੀ। ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਚਾਰ ਘੰਟਿਆਂ ਇਸ ਧਰਨੇ ਦੌਰਾਨ ਟਾਈਮ ਖੁੱਲ੍ਹਾ ਹੋਣ ਕਰਕੇ ਅੱਜ ਕਾਫ਼ੀ ਆਗੂਆਂ ਨੂੰ ਮੰਚ ਤੋਂ ਆਪਣੀ ਗੱਲ ਆਖਣ ਦਾ ਮੌਕਾ ਮਿਲਿਆ। ਇਨ੍ਹਾਂ ਬੁਲਾਰਿਆਂ ’ਚ ਹਰਿੰਦਰ ਲੱਖੋਵਾਲ, ਰਾਮਿੰਦਰ ਪਟਿਆਲਾ, ਪਰੇਮ ਭੰਗੂ, ਬੂਟਾ ਸ਼ਾਦੀਪੁਰ, ਦੌਣਵਾਲ਼ਾ ਹਰੀ ਢੀਂਡਸਾ, ਧਰਮਪਾਲ ਸੀਲ, ਗੁਰਮੀਤ ਦਿੱਤੂਪੁਰ, ਸੁਖਵਿੰਦਰ ਤੁੱਲੇਵਾਲ਼, ਅਵਤਾਰ ਕੌਰਜੀਵਾਲ਼ਾ, ਹਰਦੀਪ ਸਿੰਘ, ਰਾਮ ਮਟੋਰੜਾ ਹਾਜ਼ਰ ਸਨ। ਇਸ ਦੌਰਾਨ ਇਕੱਤਰਤਾ ਨੇ ਅਲਟੀਮੇਟਮ ਦਿੱਤਾ ਕਿ ਸਮੂਹ ਪੀੜਤ ਵਰਗਾਂ ਲਈ ਇਨਸਾਫ਼ ਯਕੀਨੀ ਨਾ ਬਣਾਇਆ ਤਾਂ ਸਾਂਝੇ ਘੋਲ ਦਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਵੇਗਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ):
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਨੇ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਚੁਕਾਈ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਮੁਜ਼ਾਹਰਾ ਕਰਕੇ ਗਰੇਵਾਲ ਚੌਰਾਹੇ ਵਿੱਚ ਕਾਰਪੋਰੇਟ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਬੀਕੇਯੂ (ਡਕੌਂਦਾ), ਬੀਕੇਯੂ (ਕਾਦੀਆਂ) ਅਤੇ ਕੁੱਲ ਹਿੰਦ ਕਿਸਾਨ ਸਭਾ ਨੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਵਾਰ ਵਾਰ ਝੋਨੇ ਦਾ ਦਾਣਾ ਦਾਣਾ ਖ਼ਰੀਦਣ ਬਾਰੇ ਦਿੱਤੇ ਜਾ ਰਹੇ ਬਿਆਨ ਥੋਥੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਝੋਨਾ ਖ਼ਰੀਦ ਅਤੇ ਚੁਕਾਈ ਪੱਖੋਂ ਮੰਡੀਆਂ ਵਿੱਚ ਰੁਲ ਰਿਹਾ ਹੈ। ਉੱਧਰ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ (ਡਕੌਂਦਾ), ਬੀਕੇਯੂ (ਕਾਦੀਆਂ) ਅਤੇ ਕੁੱਲ ਹਿੰਦ ਕਿਸਾਨ ਸਭਾ ਨੇ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਵਿਕੇ ਝੋਨੇ ਨੂੰ ਮੰਡੀ ਚੋਂ ਚੁੱਕਣ ਦੀ ਮੰਗ ਕੀਤੀ।
ਪਰਨੀਤ ਕੌਰ ਦੇ ਮਹਿਲ ਅੱਗੇ ਗੂੰਜਦੇ ਰਹੇ ਕਿਸਾਨਾਂ ਦੇ ਨਾਅਰੇ
ਪਟਿਆਲਾ(ਸਰਬਜੀਤ ਸਿੰਘ ਭੰਗੂ)
ਝੋਨੇ ਦੀ ਖਰੀਦ ਅਤੇ ਲਿਫਟਿੰਗ ਮਾਮਲੇ ਨੂੰ ਲੈ ਕੇ ‘ਭਾਰਤੀ ਕਿਸਾਨ ਯੂਨੀਅਨ ਉਗਰਾਹਾਂ’ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਜਿਥੇ ਪਟਿਆਲਾ ਜ਼ਿਲ੍ਹੇ ਵਿੱਚ ਧਰੇੜੀ ਜੱਟਾਂ ਅਤੇ ਪੈਂਦ ਟੌਲ ਪਲਾਜ਼ਿਆਂ ਨੂੰ 13 ਦਿਨਾਂ ਤੋਂ ਪਰਚਾ ਮੁਕਤ ਕੀਤਾ ਹੋਇਆ ਹੈ, ਉਥੇ ਹੀ 11 ਦਿਨਾਂ ਤੋਂ ਭਾਜਪਾ ਆਗੂ ਵਜੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਇਥੇ ਸਥਿਤ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੇ ਪੱਕਾ ਮੋਰਚਾ ਵੀ ਲਾਇਆ ਹੋਇਆ ਹੈ। ਮਹਿਲ ਦੇ ਮੂਹਰੋਂ ਦੀ ਲੰਘਦੀ ਸੜਕ ’ਤੇ ਹੀ ਗੱਡੇ ਤੰਬੂ ਵਿਚ ਕਿਸਾਨ ਦਿਨ ਰਾਤ ਇਥੇ ਹੀ ਗੁਜ਼ਾਰ ਰਹੇ ਹਨ। ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਸਣੇ ਪਰਨੀਤ ਕੌਰ ਦੇ ਖਿਲਾਫ਼ ਨਾਅਰੇ ਲਗਾਏ ਜਾ ਰਹੇ ਹਨ। ਕਿਸਾਨਾਂ ਨੇ ਅੱਜ ਫੇਰ ਮੋਤੀ ਮਹਿਲ ਤੋਂ ਲੈ ਕੇ ਫੁਹਾਰਾ ਚੌਕ ਤੱਕ ਦੇ ਡੇਢ ਕਿਲੋਮੀਟਰ ਰੋਸ ਮਾਰਚ ਕੀਤਾ। ਇਸ ਮਗਰੋਂ ਫੁਹਾਰਾ ਚੌਕ ’ਤੇ ਪੁੱਜੇ ਕਿਸਾਨਾਂ ਦੇ ਕਾਫਲੇ ਨੇ ਪਹਿਲਾਂ ਨਾਅਰੇਬਾਜ਼ੀ ਕੀਤੀ ਤੇ ਫੇਰ ਡਬਲਿਊਟੀਓ, ਕਾਰਪੋਰੇਟ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।ਅੱਜ ਦੇ ਇਸ ਧਰਨੇ ਦੀ ਅਗਵਾਈ ਬੀਤੇ ਦਿਨ ਅਨਾਜ ਮੰਡੀ ਪਟਿਆਲਾ ’ਚ ਪੱਗ ਲੱਥਣ ਦੀ ਵਾਪਰੀ ਘਟਨਾ ਦਾ ਸ਼ਿਕਾਰ ਹੋਏ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਕੀਤੀ।
ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਇੱਕ ਪਾਸੇ ਪੱਕਾ ਮੋਰਚਾ ਜਾਰੀ
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ):
ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ’ਤੇ ਜਿੱਥੇ ਮੁੱਖ ਮਾਰਗਾਂ ਤੋਂ ਪੱਕੇ ਜਾਮ ਹਟਾ ਕੇ ਮਾਰਗਾਂ ਤੋਂ ਇੱਕ ਸਾਈਡ ਦਿਨ ਰਾਤ ਦੇ ਪੱਕੇ ਮੋਰਚੇ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਜਾਰੀ ਹਨ, ਉਥੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਬਡਰੁੱਖਾਂ ਚੌਕੀ ਨੇੜੇ ਸੜਕ ਦੇ ਇੱਕ ਸਾਈਡ ਪੱਕਾ ਮੋਰਚਾ ਲੱਗਿਆ ਹੋਇਆ ਹੈ। ਮੋਰਚੇ ਦੌਰਾਨ ਕਿਸਾਨਾਂ ਵੱਲੋਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਕਾਰਜਕਾਰੀ ਆਗੂ ਗੁਰਮੇਲ ਸਿੰਘ ਮਹੋਲੀ ਤੇ ਮਾਲੇਰਕੋਟਲਾ ਜ਼ਿਲ੍ਹਾ ਆਗੂ ਸ਼ੇਰ ਸਿੰਘ ਮਹੋਲੀ ਨੇ ਕਿਹਾ ਪੰਜਾਬ ਵਿੱਚ ਝੋਨੇ ਦੀ ਫ਼ਸਲ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀ ਆਪਸੀ ਮਿਲੀਭੁਗਤ ਨਾਲ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਰਕੇ ਝੋਨੇ ਦੇ ਅੰਬਾਰ ਲੱਗ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨਾ ਚਿਰ ਇਹ ਧਰਨੇ ਲਗਾਤਾਰ ਦਿਨ ਰਾਤ ਜਾਰੀ ਰਹਿਣਗੇ। ਅੱਜ ਦੇ ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਪੇਧਨੀ ਵੱਲੋਂ ਨਿਭਾਉਣ ਉਪਰੰਤ ਕੇਵਲ ਸਿੰਘ ਮਹੇਰਨਾਂ ਕਲਾਂ, ਹਰਦੇਵ ਸਿੰਘ ਕੁਲਾਰ, ਕੁਲਵਿੰਦਰ ਪੇਧਨੀ, ਸ਼ਿੰਦਰ ਸਿੰਘ ਬਡਰੁੱਖਾਂ ਨੇ ਸੰਬੋਧਨ ਕੀਤਾ।