ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਤੇ ਕਿਸਾਨ ਬੀਬੀਆਂ ਵੱਲੋਂ ਅੱਜ ਦਸਹਿਰੇ ਦੇ ਤਿਉਹਾਰ ਮੌਕੇ ਸਰਕਾਰੀ ਰਣਬੀਰ ਕਾਲਜ ਦੇ ਖੁੱਲ੍ਹੇ ਮੈਦਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਅਡਾਨੀ ਤੇ ਅੰਬਾਨੀਆਂ ਦਾ ਰਾਵਣ ਰੂਪੀ ਵੱਡੇ ਆਕਾਰ ਦਾ ਪੁਤਲਾ ਸਾੜਿਆ ਗਿਆ। ਨਰਿੰਦਰ ਮੋਦੀ ਤੇ ਉਸਦੇ ਜੋਟੀਦਾਰਾਂ ਨੂੰ ਪੰਜਾਬ ਦੀ ਕਿਸਾਨੀ ਦੇ ਰਾਵਣ ਕਰਾਰ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਸੈਂਕੜੇ ਕਿਸਾਨ ਬੀਬੀਆਂ ਵਲੋਂ ‘ਕੀਰਨੇ ਤੇ ਵੈਣ’ ਪਾਉਂਦਿਆਂ ਜੰਮ ਦੇ ਪਿੱਟ ਸਿਆਪਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅੱਜ ਦਾ ਹੰਕਾਰੀ ਰਾਵਣ’ ਕਰਾਰ ਦਿੱਤਾਅ ਗਿਆ।
ਇਸ ਤੋਂ ਪਹਿਲਾਂ ਰਣਬੀਰ ਕਾਲਜ ਦੇ ਮੈਦਾਨ ’ਚ ਹੀ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਦੂਰ-ਦੂਰ ਬੀਬੀਆਂ ਦੇ ਸਿਰਾਂ ’ਤੇ ਬਸੰਤੀ ਰੰਗ ਦੀਆਂ ਚੁੰਨੀਆਂ, ਕਿਸਾਨਾਂ ਦੇ ਗਲਾਂ ’ਚ ਬਸੰਤੀ ਰੰਗ ਦੇ ਸਿਰੋਪਾਓ ਤੇ ਜਥੇਬੰਦੀ ਦੇ ਹਰੇ ਤੇ ਬਸੰਤੀ ਰੰਗ ਦੇ ਝੰਡੇ ਨਜ਼ਰ ਆ ਰਹੇ ਸਨ। ਦੁਪਹਿਰ 12 ਵਜੇ ਸ਼ੁਰੂ ਹੋਈ ਰੈਲੀ 3 ਵਜੇ ਤੱਕ ਜਾਰੀ ਰਹੀ ਜਿਸ ਮਗਰੋਂ ਕਰੀਬ 25/30 ਫੁੱਟ ਉੱਚਾ ਰਾਵਣ ਰੂਪੀ ਪੁਤਲਾ ਸਾੜਿਆ ਗਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਅੱਜ ਦਾ ਰਾਵਣ ਨਰਿੰਦਰ ਮੋਦੀ, ਉਸ ਸਮੇਂ ਦੇ ਰਾਵਣ ਤੋਂ ਵੀ ਭੈੜਾ ਹੈ ਜੋ ਕਿਸਾਨ-ਮਜ਼ਦੂਰਾਂ ਤੇ ਦੇਸ਼ ਦੇ ਘੱਟ ਗਿਣਤੀ ਲੋਕਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾ ਕੇ ਉਜਾੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਵਣ ਨਰਿੰਦਰ ਮੋਦੀ ਨਾਲੋਂ ਚੰਗਾ ਸੀ ਜਿਸਨੇ ਆਪਣੀ ਪਰਜਾ ਲਈ ਸੋਨੇ ਦੀ ਲੰਕਾ ਬਣਾਈ ਸੀ ਪਰ ਅੱਜ ਦਾ ਰਾਵਣ ਮੋਦੀ ਸਮੁੱਚੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਘੱਟ ਗਿਣਤੀਆਂ ’ਤੇ ਜ਼ੁਲਮ ਢਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ, ਅਣਖੀ ਤੇ ਇਨਕਲਾਬੀ ਲੋਕਾਂ ਨੂੰ ਅੱਜ ਤੱਕ ਕੋਈ ਦਬਾ ਨਹੀਂ ਸਕਿਆ ਤੇ ਲੋਕ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ‘ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ’ ਬਿਆਨਾਂ ’ਚੋਂ ਸੱਤਾ ਦਾ ਹੰਕਾਰ ਝਲਕ ਰਿਹਾ ਹੈ ਪਰ ਲੋਕਾਂ ਦੇ ਘੋਲ ਅੱਗੇ ਵੱਡੇ ਵੱਡੇ ਹੰਕਾਰੀਆਂ ਨੂੰ ਝੁਕਣਾ ਪਿਆ ਹੈ। ਉਨ੍ਹਾਂ ਲੋਕਾਂ ਨੂੰ ਅਜੇ ਹੋਰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਕਿਸਾਨਾਂ ਨੇ ਅੱਜ ਦਸਹਿਰੇ ਮੌਕੇ ਰਾਵਣ ਦੀ ਥਾਂ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਪੁਰਾਣੀ ਰੀਤ ਨੂੰ ਤੋੜਿਆ। ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੇ ਬੈਨਰ ਹੇਠ ਇਥੋਂ ਦੇ ਸਟੇਡੀਅਮ ’ਚ ਇਕੱਤਰ ਹੋਏ ਵੱਡੀ ਤਾਦਾਦ ’ਚ ਸ਼ਹਿਰੀਆਂ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਦੇ ਰੂਪ ’ਚ ਜਾਣੇ ਜਾਂਦੇ ਰਾਵਣ ਅੱਜ ਵੀ ਖਤਮ ਨਹੀਂ ਹੋਏ ਬਲਕਿ ਮੋਦੀ ਤੇ ਕਾਰਪੋਰੇਟਾਂ ਦੇ ਰੂਪ ’ਚ ਅੱਜ ਵੀ ਇਹ ਰਾਵਣ ਮੌਜੂਦ ਹਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਤੇ ਟੌਲ ਪਲਾਜ਼ਾ ਕਾਲਾਝਾੜ ਵਿੱਚ ਮੋਦੀ ਦੇ ਪੁਤਲੇ ਫੂਕੇ ਗਏ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਮਾਝੀ ਵਿੱਚ ਅੱਜ 25 ਵੇਂ ਦਿਨ ਧਰਨੇ ਦੌਰਾਨ ਮੋਦੀ ਦਾ ਪੁਤਲਾ ਫੂਕਿਆ ਗਿਆ।
ਮੋਦੀ ਰੂਪੀ ਰਾਵਣ ਦੇ ਪੁਤਲੇ ਦੀ ਰਾਖੀ ਕਰਦਾ ਰਿਹਾ ਨਿਹੰਗ ਸਿੰਘ
ਲਹਿਰਾਗਾਗਾ (ਪੱਤਰ ਪ੍ਰੇਰਕ) ਇਥੇ ਪਾਤੜਾਂ ਮੂਨਕ ਲਹਿਰਾਗਾਗਾ ਚੌਹਾਹੇ ’ਤੇ ਸਟੇਡੀਅਮ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਸਾੜੇ ਜਾਣ ਵਾਲੇ ਮੋਦੀ ਤੇ ਸਾਥੀਆਂ ਦੇ ਰਾਵਣ ਰੂਪੀ ਪੁਤਲੇ ਦੀ ਰਾਖੀ ਕਰਦਾ ਇੱਕ ਨਿਹੰਗ ਸਿੰਘ। ਦੱਸਣਯੋਗ ਹੈ ਕਿ ਜਥੇਬੰਦੀਆਂ ਨੇ ਇਥੇ 25 ਦਿਨਾਂ ਤੋਂ ਲਗਾਤਾਰ ਰਿਲਾਇੰਸ ਪੰਪ ਲੇਹਲ ਖੁਰਦ ਅੱਗੇ ਖੇਤੀ ਕਾਨੂੰਨ ਖ਼ਿਲਾਫ਼ ਧਰਨੇ ਚੱਲ ਰਹੇ ਹਨ। ਬੀਤੀ ਸ਼ਾਮ ਵੱਡੀ ਗਿਣਤੀ ’ਚ ਕਿਸਾਨ ਤੇ ਬੀਬੀਆਂ ਨੇ ਬਾਜ਼ਾਰ ’ਚ ਰੈਲੀ ਕੱਢ ਕੇ ਮੋਦੀ ਦਾ ਪਿੱਟ ਸਿਆਪਾ ਕੀਤਾ ਤੇ ਕੀਰਨੇ ਪਾਏ। ਇਸ ਮੌਕੇ ਕਿਸਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।