ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਅੱਜ ਬਾਅਦ ਦੁਪਹਿਰ ਇੱਥੇ ਸਰਕਾਰੀ ਰਣਬੀਰ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਉਸ ਦੇ ਪੁੱਤਰ ਅਸੀਸ਼ ਮਿਸ਼ਰਾ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਤੇ ਉਸ ਦੇ ਜੋਟੀਦਾਰਾਂ ਨੂੰ ਦੇਸ਼ ਦੀ ਕਿਸਾਨੀ ਦੇ ਰਾਵਣ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ ਅਤੇ ਸੈਂਕੜੇ ਕਿਸਾਨ ਬੀਬੀਆਂ ਵੱਲੋਂ ‘ਕੀਰਨੇ ਤੇ ਵੈਣ’ ਪਾਉਂਦਿਆਂ ਪਿੱਟ ਸਿਆਪਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅੱਜ ਦਾ ਹੰਕਾਰੀ ਰਾਵਣ’ ਕਰਾਰ ਦਿੱਤਾ। ਇਸ ਤੋਂ ਪਹਿਲਾਂ ਰਣਬੀਰ ਕਾਲਜ ਦੇ ਮੈਦਾਨ ਵਿੱਚ ਹੀ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਦੌਰਾਨ ਬੀਬੀਆਂ ਦੇ ਸਿਰਾਂ ’ਤੇ ਬਸੰਤੀ ਰੰਗ ਦੀਆਂ ਚੁੰਨੀਆਂ ਅਤੇ ਜਥੇਬੰਦੀ ਦੇ ਹਰੇ ਤੇ ਬਸੰਤੀ ਰੰਗ ਦੇ ਝੰਡੇ ਨਜ਼ਰ ਆ ਰਹੇ ਸਨ। ਕਰੀਬ ਦੁਪਹਿਰ 12 ਵਜੇ ਸ਼ੁਰੂ ਹੋਈ ਰੈਲੀ 3 ਵਜੇ ਤੱਕ ਜਾਰੀ ਰਹੀ ਜਿਸ ਮਗਰੋਂ ਕਰੀਬ 25/30 ਫੁੱਟ ਉੱਚਾ ਰਾਵਣ ਰੂਪੀ ਪੁਤਲਾ ਸਾੜਿਆ ਗਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਲਈ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਦਾ ਰਾਵਣ ਹੈ ਅਤੇ ਉਸ ਸਮੇਂ ਦੇ ਰਾਵਣ ਤੋਂ ਵੀ ਭੈੜਾ ਹੈ ਜੋ ਕਿਸਾਨ-ਮਜ਼ਦੂਰਾਂ ਤੇ ਦੇਸ਼ ਦੇ ਘੱਟ ਗਿਣਤੀ ਲੋਕਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾ ਕੇ ਉਜਾੜਨਾ ਚਾਹੁੰਦਾ ਹੈ। ਇਸ ਮੌਕੇ ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਮੰਗਵਾਲ, ਅਜੈਬ ਸਿੰਘ ਲੌਂਗੋਵਾਲ, ਰਣਜੀਤ ਸਿੰਘ ਲੌਂਗੋਵਾਲ, ਗੁਰਦੀਪ ਕੰਮੋਮਾਜਰਾ, ਮੇਵਾ ਸਿੰਘ, ਬੂਟਾ ਸਿੰਘ ਬੱਗੂਆਣਾ, ਕ੍ਰਿਸ਼ਨ ਸਿੰਘ ਮੰਗਵਾਲ ਤੇ ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਸਥਾਨਕ ਰੇਲਵੇ ਚੌਕ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਮਾਰਨ ਦੀ ਨਿਖੇਧੀ ਕਰਦਿਆਂ ਕਿਸਾਨਾਂ ਨੂੰ ਸੰਘਰਸ਼ ਦੇ ਸ਼ਹੀਦ ਕਰਾਰ ਦਿੱਤਾ ਅਤੇ ਘਟਨਾ ਲਈ ਜਿੰਮੇਵਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਮੰਤਰੀ ਮੰਡਲ ’ਚੋ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਊਧਮ ਸਿੰਘ ਸੰਤੋਖਪੁਰਾ , ਹਰਮੇਲ ਸਿੰਘ ਮਹਿਰੋਕ, ਮੱਘਰ ਸਿੰਘ ਉਭਾਵਾਲ, ਮਹਿੰਦਰ ਸਿੰਘ ਭੱਠਲ, ਰੋਹੀ ਸਿੰਘ ਮੰਗਵਾਲ, ਗੁਰਚਰਨ ਸਿੰਘ ਭਿੰਡਰਾਂ, ਨਿਰਮਲ ਸਿੰਘ ਬਟੜਿਆਣਾ, ਹਰਚਰਨ ਸਿੰਘ ਕਲੌਦੀ, ਰਾਮ ਸਿੰਘ ਸੋਹੀਆਂ, ਸਵਰਨਜੀਤ ਸਿੰਘ, ਨਿਰਭੈ ਸਿੰਘ, ਮੰਗਤ ਰਾਮ ਲੋਂਗੋਵਾਲ, ਨਰੰਜਣ ਸਿੰਘ ਚੁਨਾਗਰਾ, ਅਵਤਾਰ ਸਿੰਘ ਬਾਦਸ਼ਾਹਪੁਰ ਅਤੇ ਸੁਖਦੇਵ ਸਿੰਘ ਨੇ ਸੰਬੋਧਨ ਕਰਦਿਆਂ ਭਾਜਪਾ ਅਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।
ਕਿਸਾਨਾਂ ਨੇ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਮੋਦੀ ਦੇ ਪੁਤਲੇ
ਪਟਿਆਲਾ (ਖੇਤਰੀ ਪ੍ਰਤੀਨਿਧ): ਪਿਛਲੇ ਦਿਨੀਂ ਲਖੀਮਪੁਰ ਖੀਰਾ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਹੱਤਿਆ ਸਮੇਤ ਹੋਰ ਕਿਸਾਨ ਤੇ ਲੋਕ ਮਾਰੂ ਫੈਸਲਿਆਂ ਨੂੰ ਲੈ ਕੇ ਕਿਸਾਨਾਂ ਨੇ ਦੁਸਹਿਰੇ ਤੋਂ ਅੱਜ ਦੂਸਰੇ ਦਿਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਸਬੰਧਤ ਆਗੂਆਂ ਦੇ ਪੁਤਲੇ ਫੂਕੇ। ਇਸ ਦੌਰਾਨ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਅਗਵਾਈ ਹੇਠਾਂ ਧਰੇੜੀ ਜੱਟਾਂ ਟੌਲ ਪਲਾਜ਼ਾ ਅਤੇ ਮਹਿਮਦਪੁਰ ਮੰਡੀ ਵਿੱਚ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸੇ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਹਰਜਿੰਦਰ ਸਿੰਘ ਭੱਠਲ ਦੀ ਅਗਵਾਈ ਹੇਠ ਢੈਂਠਲ ਵਿੱਚ ਵੀ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨ ਸਭਾ ਦੇ ਆਗੂ ਹਰਿੰਦਰ ਸਿੰਘ ਤੇ ਹੋਰਨਾਂ ਨੇ ਨੇੜਲੇ ਪਿੰਡ ਸੈਣੀਮਾਜਰਾ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੀ ਟੀਮ ਦੇ ਪੁਤਲੇ ਫੂਕ ਕੇ ਆਪਣੀ ਭੜਾਸ ਕੱਢੀ। ਇਸੇ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਤੇ ਗੁਰਮੀਤ ਸਿੰਘ ਦਿੱਤੂਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਨੇ ਵੀ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ਦੇ ਨਰਿੰਦਰ ਮੋਦੀ ਯੋਗੀ ਅਤੇ ਖੱਟਰ ਦੇ ਪੁਤਲੇ ਫੂਕੇ।