ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ
ਸੁਨਾਮ ਨੇੜਲੇ ਪਿੰਡ ਮਹਿਲਾਂ ਵਿੱਚ ਅੱਜ ਕਿਸਾਨਾਂ ਵੱਲੋਂ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰੇ ਆ ਰਹੇ ਕਰੀਬ ਇਕ ਦਰਜਨ ਟਰੱਕਾਂ ਨੂੰ ਘੇਰ ਲਿਆ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕਾਰਕੁਨਾਂ ਮਲਕੀਤ ਸਿੰਘ ਲਖਮੀਰਵਾਲਾ, ਬੁੱਧ ਸਿੰਘ ਦੂਲਟ, ਦਰਬਾਰਾ ਸਿੰਘ ਘੁਮਾਣ, ਸੁਖਵੀਰ ਸਿੰਘ ਮਹਿਲਾਂ ਚੌਕ ਅਤੇ ਕੁਲਦੀਪ ਸਿੰਘ ਖਨਾਲ ਕਲਾਂ ਆਦਿ ਨੇ ਦੱਸਿਆ ਕਿ ਖਨਾਲ ਕਲਾਂ ਦੇ ਕੁਝ ਨੌਜਵਾਨ ਕਿਸਾਨ ਸੰਗਰੂਰ ਵਿੱਚ ਧਰਨੇ ’ਚ ਸ਼ਾਮਲ ਹੋਣ ਲਈ ਸੰਗਰੂਰ ਵੱਲ ਜਾ ਰਹੇ ਸਨ। ਉਨ੍ਹਾਂ ਨੇ ਮਹਿਲਾਂ ਪਿੰਡ ਨੇੜੇ ਢਾਬੇ ’ਤੇ ਝੋਨੇ ਦੇ ਭਰੇ ਕੁਝ ਟਰੱਕ ਦੇਖੇ।
ਪਤਾ ਕਰਨ ’ਤੇ ਇਹ ਸਾਹਮਣੇ ਆਇਆ ਕਿ ਇਹ ਟਰੱਕ ਬਿਹਾਰ ਅਤੇ ਯੂਪੀ ਤੋਂ ਆਏ ਹਨ ਅਤੇ ਇਨ੍ਹਾਂ ਨੇ ਮੋਗਾ, ਬਰਨਾਲਾ ਅਤੇ ਤਰਨ ਤਾਰਨ ਵੱਲ ਜਾਣਾ ਸੀ। ਕਿਸਾਨ ਆਗੂਆਂ ਨੇ ਤਰੁੰਤ ਇਸ ਦੀ ਸੂਚਨਾ ਮਾਰਕੀਟ ਕਮੇਟੀ ਅਤੇ ਪੁਲੀਸ ਨੂੰ ਦਿੱਤੀ। ਉੱਧਰ, ਮਾਰਕੀਟ ਕਮੇਟੀ ਦੇ ਅਧਿਕਾਰੀ ਸੰਦੀਪ ਸਿੰਘ ਨੇ ਕਿਹਾ ਕਿ ਟਰੱਕ ਡਰਾਈਵਰਾਂ ਕੋਲ ਮੌਜੂਦ ਬਿਲਟੀਆਂ ’ਤੇ ਦਰਜ ਮੋਬਾਈਲ ਨੰਬਰਾਂ ’ਤੇ ਸੰਪਰਕ ਕਰ ਕੇ ਅਸਲੀਅਤ ਨੂੰ ਜਾਣਿਆ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਥਾਣਾ ਸ਼ੰਭੂ ਦੀ ਪਲੀਸ ਨੇ ਗੁਆਂਢੀ ਰਾਜ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਤੋਂ ਜੀਰੀ ਲੋਡ ਕਰ ਕੇ ਪੰਜਾਬ ਵਿੱਚ ਲਿਆਉਣ ਵਾਲੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਨੇ ਇੱਕ ਸੂਚਨਾ ਦੇ ਆਧਾਰ ’ਤੇ ਪਿੰਡ ਬਪਰੌਰ ਦੇ ਟੀ-ਪੁਆਇੰਟ ਨੇੜੇ ਨਾਕਾ ਲਗਾ ਕੇ ਗੁਆਂਢੀ ਰਾਜ ਹਰਿਆਣਾ ਤੋਂ ਸਸਤੇ ਰੇਟ ’ਤੇ ਖਰੀਦੀ ਹੋਈ ਜੀਰੀ ਟਰੱਕ ਵਿੱਚ ਲੋਡ ਕਰ ਕੇ ਲਿਆ ਰਹੇ ਟਰੱਕ ਚਾਲਕ ਪ੍ਰਤਾਪ ਸਿੰਘ ਵਾਸੀ ਪਿੰਡ ਭੂੰਮਾ ਖੇੜੀ ਥਾਣਾ ਮੁਜੱਫਰਨਗਰ ਯੂ.ਪੀ. ਖਿਲਾਫ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਇਹ ਜੀਰੀ ਸਬੰਧਤ ਰਾਜ ਤੋਂ ਸਸਤੇ ਰੇਟ ’ਤੇ ਖਰੀਦੀ ਹੋਈ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੁਲੀਸ ਨੇ ਬਾਹਰਲੇ ਰਾਜਾਂ ਤੋਂ ਇੱਕ ਟਰੱਕ ਅਤੇ ਟਰੈਕਟਰ ਵਿੱਚ ਆਇਆ ਝੋਨਾ ਵੇਚਣ ਲਈ ਅਣਪਛਾਤੇ ਡਰਾਈਵਰ ਅਤੇ ਵਪਾਰੀ ਖਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਥਾਣਾ ਛਾਜਲੀ ਦੇ ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਅਣਪਛਾਤੇ ਟਰੱਕ ਆਰਜੇ02-ਜੀਬੀ 6308 ਅਤੇ ਸੋਨਾਲੀਕਾ ਟਰੈਕਟਰ ਪੀਬੀ 13ਏਐੱਫ-1481 ਦੇ ਅਣਪਛਾਤੇ ਡਰਾਈਵਰ ਤੇ ਵਪਾਰੀ ਰਾਤ ਨੂੰ ਉਕਤ ਵਾਹਨਾਂ ’ਤੇ ਬਾਹਰਲੇ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ’ਚ ਵੇਚ ਰਹੇ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ।