ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਜੁਲਾਈ
ਇਥੇ ਲਹਿਲ ਖੁਰਦ ਚੌਕ ਨੇੜਲੇ ਕਾਰਪੋਰੇਟ ਘਰਾਣੇ ਦੀ ਕੰਪਨੀ ਰਿਲਾਇੰਸ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ 294ਵੇਂ ਦਿਨ ਵੀ ਜਾਰੀ ਰਿਹਾ। ਅੱਜ ਸਟੇਜ ਦੀ ਕਾਰਵਾਈ ਸ਼ਿਵਰਾਜ ਸਿੰਘ ਗੁਰਨੇ ਕਲਾਂ ਨੇ ਧਰਨੇ ਵਿੱਚ ਸ਼ਾਮਲ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਮਾਵਾਂ ਭੈਣਾਂ, ਬੱਚਿਆਂ ਬੱਚੀਆਂ ਅਤੇ ਨੌਜਵਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਬਲਾਕ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਅਤੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਕਿਹਾ ਕਿ ਸ਼ਹੀਦ ਕਿਸਾਨ ਰਮਤਾ ਸਿੰਘ ਖੋਖਰ ਦੇ ਪਰਿਵਾਰ ਨੂੰ ਪ੍ਰਸ਼ਾਸਨ ਦੇ ਤਹਿਸ਼ੀਲਦਾਰ ਸੁਰਿੰਦਰ ਸਿੰਘ ਵੱਲੋਂ ਮੁਆਵਜ਼ੇ ਦਾ ਚੈੱਕ ਮਿਲਣ ਤੋਂ ਬਾਅਦ ਜਥੇਬੰਦੀ ਵੱਲੋਂ ਐੱਸਡੀਐੱਮ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨਿਆ ਧਰਨਾ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਬਲਾਕ ਖ਼ਜ਼ਾਨਚੀ ਕਰਨੈਲ ਸਿੰਘ ਗਨੋਟਾ ਨੇ ਪਿੰਡ ਡਸਕਾ ਦਾ ਲੰਗਰ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਮਨਜੀਤ ਕੌਰ ਸੰਗਤੀਵਾਲਾ, ਬਲਜੀਤ ਕੌਰ ਲਹਿਲ ਕਲਾਂ, ਬਲਜੀਤ ਕੌਰ ਰਾਮਗੜ੍ਹ, ਲੀਲਾ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਜਗਦੀਪ ਸਿੰਘ ਲਹਿਲ ਖੁਰਦ ਨੇ ਕਿਹਾ ਕਿ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਲੋਕ ਸਭਾ ਦੇ ਸੈਸ਼ਨ ਦੌਰਾਨ ਰੋਜ਼ ਹਰ ਹੀਲੇ ਕਿਸਾਨ ਪਾਰਲੀਮੈਂਟ ਚਲਾਉਣ ਲਈ ਕਿਸਾਨ ਜਥੇਬੰਦੀ ਨੇ ਪ੍ਰਣ ਕੀਤਾ ਹੈ ਤਾਂ ਜੋ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਹਰ ਹਾਲਤ ਵਿਚ ਜਿੱਤੇਗਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਭਰਮ ਭੁਲੇਖੇ ਦੂਰ ਕਰ ਲੈਣੇ ਚਾਹੀਦੇ ਹਨ ਕਿਉਂਕਿ ਦਿੱਲੀ ਵਿਚ ਸੰਘਰਸ਼ੀ ਮੋਰਚਿਆਂ ’ਤੇ ਡਟੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਪਰਤਣਗੇ। 31 ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂ ਦੇ ਘਰ ਅੱਗੇ ਰੋਸ ਧਰਨੇ ਜਾਰੀ ਹਨ ਤੇ ਨਿੱਤ ਦਿਨ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਗਰਜਦੇ ਹਨ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜ ਮੈਂਬਰੀ ਜਥਾ ਰਵਾਨਾ
ਧੂਰੀ (ਪਵਨ ਕੁਮਾਰ ਵਰਮਾ): ਸੰਯੁਕਤ ਕਿਸਾਨ ਮੋਰਚਾ ਦੇ ਫੈ਼ਸਲੇ ਤਹਿਤ 22 ਜੁਲਾਈ ਤੋਂ ਪਾਰਲੀਮੈਂਟ ਸਾਹਮਣੇ ਚੱਲਣ ਵਾਲੀ ਕਿਸਾਨ ਪਾਰਲੀਮੈਂਟ ਦੇ ਦੋ ਸੌ ਮੈਂਬਰੀ ਜਥੇ ’ਚ ਸ਼ਾਮਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਦਾ ਦੂਜਾ ਪੰਜ ਮੈਂਬਰੀ ਜਥਾ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਵੱਖ-ਵੱਖ ਥਾਵਾਂ ’ਤੇ ਹੋਏ ਭਰਵੇਂ ਸਮਾਗਮਾਂ ਦੌਰਾਨ ਕੀਤੇ ਮਾਣ-ਸਨਮਾਨ ਮਗਰੋਂ ਦਿੱਲੀ ਲਈ ਰਵਾਨਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਇਸ ਦੂਜੇ ਜਥੇ ਜਿਸਨੇ 23 ਜੁਲਾਈ ਨੂੰ ਸੰਸਦ ਵੱਲ ਰਵਾਨਾਂ ਹੋਣਾ ਹੈ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਰਸ਼ਨ ਕੁੰਨਰ, ਸਰਬਜੀਤ ਸਿੰਘ ਅਲਾਲ, ਜੂਝਾਰ ਸਿੰਘ ਬਡਰੁੱਖਾਂ, ਬਲਵਿੰਦਰ ਸਿੰਘ ਢੱਡਰੀਆਂ ਅਤੇ ਗੁਰਮੀਤ ਸਿੰਘ ਢੱਡਰੀਆਂ ਸ਼ਾਮਲ ਸਨ। ਅੱਜ ਧੂਰੀ ਰੇਲਵੇ ਸਟੇਸ਼ਨ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਰੇਲ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਸਦ ਮੂਹਰੇ ਕਿਸਾਨਾਂ ਦੀ ਹੋਣ ਜਾ ਰਹੀ ਕਿਸਾਨ ਸੰਸਦ ਦੌਰਾਨ ਜੇਕਰ ਪੁਲੀਸ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਹ ਗ੍ਰਿਫ਼ਤਾਰੀ ਹੋਣ ’ਤੇ ਸੰਯੁਕਤ ਮੋਰਚੇ ਦੇ ਫੈ਼ਸਲੇ ਦੇ ਮੱਦੇਨਜ਼ਰ ਜ਼ਮਾਨਤ ਵੀ ਨਹੀਂ ਕਰਵਾਉਣਗੇ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਬੁਲੰਦ ਹੌਂਸਲੇ ਨਾਲ ਕਿਹਾ ਕਿ ਕਿਸਾਨ ਦਿੱਲੀ ਦੀ ਧਰਤੀ ਤੋਂ ਕੇਂਦਰ ਦੇ ਤਿੰਨ ਨਵੇਂ ਖੇਤੀ ਨੂੰ ਰੱਦ ਕਰਵਾ ਕੇ ਹੀ ਉੱਠਣਗੇ। ਇਸ ਮੌਕੇ ਦਿੱਲੀ ਜਾ ਰਹੇ ਕਿਸਾਨਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।