ਬੀਰਬਲ ਰਿਸ਼ੀ
ਸ਼ੇਰਪੁਰ, 22 ਜੂਨ
ਕੋਆਪਰੇਟਿਵ ਸੁਸਾਇਟੀਆਂ ਦੇ ਨਵੇਂ ਮੈਂਬਰ ਬਣ ਰਹੇ ਕਿਸਾਨਾਂ ਦੇ ਕੋਆਪਰੇਟਿਵ ਬੈਂਕਾਂ ਵੱਲੋਂ ਖਾਤੇ ਨਾ ਖੋਲ੍ਹੇ ਜਾਣ ਸਬੰਧੀ ਕਥਿਤ ਗੁਪਤ ਹਦਾਇਤਾਂ ਦੇ ਮੱਦੇਨਜ਼ਰ ਚੈੱਕ-ਬੁੱਕ ਨਾ ਦੇਣ ਅਤੇ ਖਾਤਾ ਖੋਲ੍ਹਣ ਮੌਕੇ ਕੀਤੀ ਜਾ ਰਹੀ ਆਨਾਕਾਨੀ ਤੋਂ ਕਿਸਾਨ ਵਰਗ ਅੰਦਰ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿੰਡ ਘਨੌਰੀ ਕਲਾਂ ਦੇ ਜਗਪਾਲ ਨੇ ਦੱਸਿਆ ਕਿ ਪਹਿਲਾਂ ਤਾਂ ਸੁਸਾਇਟੀ ਦੇ ਮੈਂਬਰ ਬਣਨ ਲਈ ਉਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਲੱਗ ਗਿਆ ਪਰ ਚੈੱਕਬੁੱਕ ਸਬੰਧੀ ਬੈਂਕ ਦੇ ਖਾਤੇ ਲਈ ਲੋੜੀਂਦਾ ਆਧਾਰ ਕਾਰਡ, ਪੈਨ ਕਾਰਡ, ਫੋਟੋਆਂ ਆਦਿ ਅਗਾਊਂ ਦਿੱਤੇ ਹੋਣ ਦੇ ਬਾਵਜੂਦ ਹੁਣ ਤੱਕ ਖਾਤਾ ਨਾ ਖੁੱਲ੍ਹਣ ’ਤੇ ਕਿਸਾਨ ਅਧਿਕਾਰੀਆਂ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ।
ਉਧਰ, ਕੋਆਪਰੇਟਿਵ ਬੈਂਕਾਂ ਵਿੱਚ ਤਾਲਾਬੰਦੀ ਦੌਰਾਨ ਆਏ ਗੁਪਤ ਨਿਰਦੇਸ਼ਾਂ ਦੇ ਮੱਦੇਨਜ਼ਰ ਹੁਣ ਸੁਸਾਇਟੀਆਂ ਦੇ ਨਵੇਂ ਬਣੇ ਮੈਂਬਰ ਕਿਸਾਨਾਂ ਦੇ ਨਾ ਖਾਤੇ ਖੁੱਲ੍ਹ ਰਹੇ ਹਨ ਅਤੇ ਨਾ ਹੀ ਚੈੱਕਬੁੱਕਸ ਪ੍ਰਾਪਤ ਹੋ ਰਹੀਆਂ ਹਨ। ਕੋਆਪਰੇਟਿਵ ਬੈਂਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਸਾਇਟੀਆਂ ਦੇ ਨਵੇਂ ਮੈਂਬਰ ਕਿਸਾਨਾਂ ਦੇ ਖਾਤੇ ਨਾ ਖੋਲ੍ਹੇ ਜਾਣ ਦੀਆਂ ਲਿਖਤੀ ਹਦਾਇਤਾਂ ਹਨ ਪਰ ਕੋਈ ਵੀ ਅਧਿਕਾਰੀ ਇਸ ਦੀ ਫੋਟੋ ਕਾਪੀ ਦਿਖਾਉਣ ਲਈ ਤਿਆਰ ਨਹੀਂ।
ਬੀਕੇਯੂ ਡਕੌਦਾ ਦੇ ਕਰਮਜੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਤੁਰੰਤ ਖਾਤੇ ਨਾ ਖੋਲ੍ਹੇ ਗਏ ਤੇ ਚੈੱਕਬੁੱਕ ਜਾਰੀ ਨਾ ਕੀਤੀਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਕਿਸਾਨਾਂ ਦੀ ਸਮੱਸਿਆ ਹੱਲ ਹੋਵੇਗੀ: ਏਆਰ
ਸਹਾਇਕ ਰਜਿਸਟਰਾਰ ਸੋਨੂੰ ਮਹਾਜ਼ਨ ਨੇ ਮੰਨਿਆ ਕਿ ਕਿਸਾਨਾਂ ਨੂੰ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਲ ਕਈ ਵਾਰ ਬੈਂਕਾਂ ਆਪਣੇ ਪੁਰਾਣੇ ਗਾਹਕ ਕਿਸਾਨਾਂ ਨੂੰ ਤਰਜ਼ੀਹ ਦਿੰਦੀਆਂ ਹਨ ਅਤੇ ਫੰਡਾਂ ਦੀ ਘਾਟ ਕਾਰਨ ਸੁਸਾਇਟੀਆਂ ਦੇ ਨਵੇਂ ਮੈਂਬਰ ਕਿਸਾਨਾਂ ਨੂੰ ਸਮੱਸਿਆ ਆਉਂਦੀ ਹੈ। ਕੋਆਪਰੇਟਿਵ ਬੈਂਕਾਂ ਨੂੰ ਖਾਤੇ ਨਾ ਖੋਲ੍ਹਣ ਤੇ ਚੈੱਕਬੁੱਕ ਨਾ ਦੇਣ ਸਬੰਧੀ ਲਿਖਤੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਸਪਸ਼ੱਟ ਕੀਤਾ ਕਿ ਅਜਿਹੀਆਂ ਕੋਈ ਲਿਖਤੀ ਸ਼ਿਕਾਇਤਾ ਤਾਂ ਨਹੀਂ, ਉਂਜ ਹੁਣ ਕੋਆਪਰੇਟਿਵ ਬੈਂਕ ਮਰਜ਼ ਕਰਨ ਮਗਰੋਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।