ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਮਾਰਚ
ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਉਪਰ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਮੋਹ ਛੱਡ ਕੇ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਦੇਸ਼ ਦੇ ਅੰਨਦਾਤਾ ਦੇ ਮਨ ਕੀ ਬਾਤ ਸੁਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਆਪਣੀ ਜ਼ਿੱਦ ਨਾ ਛੱਡੀ ਤਾਂ ਭਾਜਪਾ ਨੂੰ ਵੱਖ-ਵੱਖ ਰਾਜਾਂ ਦੀਆਂ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਥੇ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦਾ ਰੋਸ ਧਰਨਾ ਜਾਰੀ ਹੈ ਜਦੋਂ ਕਿ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਕਿਸਾਨ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਡਟੇ ਹੋਏ ਹਨ। ਸਟੇਸ਼ਨ ਨੇੜੇ ਰੋਸ ਧਰਨੇ ਨੂੰ ਕਿਸਾਨ ਆਗੂਆਂ ਨਰੰਜਣ ਸਿੰਘ ਦੋਹਲਾ, ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਸਰੂਪ ਚੰਦ ਕਿਲਾਭਰੀਆਂ, ਗੁਰਦੀਪ ਸਿੰਘ ਕੰਮੋਮਾਜਰਾ, ਲਾਭ ਸਿੰਘ ਖੁਰਾਣਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਛੇ ਦਿਨਾਂ ਦੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਹਰ ਵਰਗ ਦੇ ਲੋਕਾਂ ਦਾ ਜੀਣਾ ਦੁਭੱਰ ਹੋ ਗਿਆ ਹੈ।
ਦਿੱਲੀ ਗਿ੍ਰਫਤਾਰੀਆਂ ਦੇਣ ਤੁਰੀਆਂ ਪੰਜ ਬੀਬੀਆਂ ਦੇ ਜਥੇ ਦਾ ਸਵਾਗਤ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਪਸਿਆਣਾ ਬਾਈਪਾਸ ਪੁਲ਼ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਤਖ਼ਤ ਸ਼ੀ੍ ਦਮਦਮਾ ਸਾਹਿਬ ਤੋਂ ਅਰਦਾਸ ਉਪਰੰਤ ਦਿੱਲੀ ਵੱਲ ਜਾ ਰਹੀਆਂ ਪੰਜ ਬੀਬੀਆਂ ਦੇ ਜਥੇ ਦਾ ਜ਼ਿਲਾ ਇਕਾਈ ਦੇ ਪ੍ਰਧਾਨ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਸਵਾਗਤ ਕੀਤਾ ਗਿਆ।
ਕਿਸਾਨਾਂ ਵੱਲੋਂ ਟੌਲ ਪਲਾਜਿ਼ਆਂ ਅਤੇ ਪੈਟਰੋਲ ਪੰਪ ’ਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕੇਂਦਰ ਸਰਕਾਰ ਵੱਲੋਂ ਮੜ੍ਹੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਾਲਾਝਾੜ ਟੌਲ ਪਲਾਜਾ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਧਰਨੇ ਜਾਰੀ ਰੱਖੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਜੋਤ ਕੌਰ ਚੰਨੋਂ ਨੇ ਕਿਹਾ ਕਿ ਧਰਨੇ ਦੌਰਾਨ ਮੋਦੀ ਸਰਕਾਰ ਦੀਆਂ ਤਾਨਾਸ਼ਾਹ ਨੀਤੀਆਂ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਦੋਸ਼ ਲਾਇਆ ਗਿਆ ਹੈ ਕੇਂਦਰ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ 8 ਮਾਰਚ ਨੂੰ ਵੱਧ ਤੋਂ ਵੱਧ ਬੀਬੀਆਂ ਨੂੰ ਦਿੱਲੀ ਪੁਹੰਚਣ ਦੀ ਅਪੀਲ ਕੀਤੀ।