ਰਮੇਸ਼ ਭਾਰਦਵਾਜ
ਲਹਿਰਾਗਾਗਾ,13 ਅਪਰੈਲ
ਲਹਿਰਾਗਾਗਾ ਦੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਪੈਟਰੋਲ ਪੰਪ ਉੱਪਰ ਲਗਾਤਾਰ ਚੱਲ ਰਹੇ ਕਿਸਾਨ ਧਰਨੇ ਦੇ 195ਵੇਂ ਦਿਨ ਅੱਜ ਕਿਸਾਨ ਨੇਤਾਵਾਂ ਨੇ ਜੱਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਜਨਰਲ ਡਾਇਰ ਦੀ ਕਾਇਰਤਾ ਦੀ ਨਿੰਦਾ ਵੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਰਾਮਚੰਦ ਸਿੰਘ ਚੋਟੀਆਂ,ਰਿੰਕੂ ਮੂਣਕ, ਰਾਮ ਸਿੰਘ ਨੰਗਲਾ, ਪੁਸ਼ਵਿੰਦਰ ਕੌਰ ਆਗੂਆਂ ਨੇ ਸੰਬੋਧਨ ਕਰਦਿਆਂ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਵਿੱਚ 195ਵੇ ਦਿਨ ਵੀ ਜਾਰੀ ਰਿਹਾ।ਇਸ ਮੌਕੇ ਕੇਂਦਰ ਸਰਕਾਰ, ਕਾਰਪੋਰੇਟ ਘਰਾਣਿਆਂ, ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੈਦਲ ਪਰੈਡ ਕਰਨ ਦਾ ਐਲਾਨ ਕੀਤਾ ਹੈ ਜਿਸ ਵਿਚ 26 ਜਨਵਰੀ ਦੀ ਪਰੇਡ ਵਿੱਚ ਜੋ ਘਾਟਾ ਰਹਿ ਗਈਆਂ ਸਨ ਉਨ੍ਹਾਂ ਨੂੰ ਇਸ ਪੈਦਲ ਪਰੇਡ ਵਿੱਚ ਦੂਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਇਸ ਮੌਕੇ, ਗੁਰਜੀਤ ਸਿੰਘ ਲੱਡਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਸੁਖਦੇਵ ਸ਼ਰਮਾ, ਭਰਭੂਰ ਸਿੰਘ, ਰਾਮ ਸਿੰਘ ਕੱਕੜਵਾਲ, ਗੁਰੀ ਮਾਨ ਧੂਰੀ, ਮਹਿੰਦਰ ਸਿੰਘ ਭਸੌੜ, ਗੁਰਮੀਤ ਕੌਰ, ਚਰਨਜੀਤ ਸਿੰਘ ਹਥਨ ਵੀ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਸੁਨਾਮ ’ਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਲੱਗੇ ਪੱਕਾ ਕਿਸਾਨੀ ਮੋਰਚਾ ਬਰਕਰਾਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਚੱਲ ਰਹੇ ਇਸ ਮੋਰਚੇ ਵਿਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਸ਼ਮੂਲੀਅਤ ਵੀ ਭਰਵੀਂ ਹੁੰਦੀ ਹੈ। ਅੱਜ ਮੋਰਚੇ ਵਿਚ ਸੰਬੋਧਨ ਕਰਦਿਆਂ ਕਿਸਾਨ ਆਗੂ ਗੋਬਿੰਦ ਸਿੰਘ ਚੱਠੇ, ਰਾਮ ਸਰਨ ਸਿੰਘ ਉਗਰਾਹਾਂ, ਗੁਰਚਰਨ ਸਿੰਘ, ਗੁਰਭਗਤ ਸ਼ਾਹਪੁਰ, ਮਹਿੰਦਰ ਸਿੰਘ ਨਮੋਲ ਆਦਿ ਨੇ ਕਿਹਾ ਕਿ ਮੋਦੀ ਸਾਡੇ ਸਬਰ ਨੂੰ ਪਰਖ ਰਿਹਾ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜਿੱਤ ਅਖ਼ੀਰ ਸਬਰ ਦੀ ਹੋਣੀ ਹੈ। ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਮੋਰਚਿਆਂ ਵਿੱਚ ਬੈਠੇ ਕਿਸਾਨ ਵੀਰਾਂ ਦੇ ਹੌਂਸਲੇ ਬੁਲੰਦ ਕਰਨ ਲਈ ਮੋਰਚਿਆਂ ਵਿੱਚ ਲੋਕਾਂ ਦੀ ਗਿਣਤੀ ਵਧਾਉਣੀ ਜ਼ਰੂਰੀ ਹੈ।
ਅਮਰਗੜ੍ਹ(ਰਜਿੰਦਰ ਜੈਦਕਾ): ਟੌਲ ਪਲਾਜ਼ਾ ਮਾਹੋਰਾਣਾ ’ਤੇ ਚੱਲ ਰਹੇ ਕਿਸਾਨ ਧਰਨੇ ਦੇ 187 ਵੇਂ ਦਿਨ ਵਿਸਾਖੀ ਦਾ ਦਿਹਾੜਾ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਧਰਨੇ ਵਿੱਚ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਨਰਿੰਦਰਜੀਤ ਸਿੰਘ ਸਲਾਰ, ਕਰਮਜੀਤ ਸਿੰਘ ਬਨਭੌਰਾ, ਸਾਬਕਾ ਸਰਪੰਚ ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਇਮਤਿਹਾਨ ਲੈ ਰਹੀ ਹੈ ਅਤੇ ਅਸੀਂ ਇਸ ਇਮਤਿਹਾਨ ਵਿੱਚੋਂ ਜ਼ਰੂਰ ਪਾਸ ਹੋਵਾਂਗੇ। ਜਿਨੀ ਦੇਰ ਇਹ ਖੇਤੀ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਨੀ ਦੇਰ ਧਰਨੇ ਜਾਰੀ ਰਹਿਣਗੇ
ਿਕਸਾਨਾਂ ਨੇ ਕੈਪਟਨ ਸਰਕਾਰ ਤੋਂ ਮੰਗਿਆ ਮੁਆਵਜ਼ਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਜਿੱਥੇ ਜੱਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉਥੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਲਈ ਸਮੇਂ ਸਮੇਂ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਧਰਨਿਆਂ ਦੌਰਾਨ ਕਣਕ ਦਾ ਝਾੜ ਘਟਣ ਦਾ ਦੋਸ਼ ਸਰਕਾਰਾਂ ਸਿਰ ਮੜ੍ਹਦਿਆਂ ਪੰਜਾਬ ਸਰਕਾਰ ਤੋਂ ਕਿਸਾਨਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ। ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਥੇ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਪੱਕੇ ਰੋਸ ਧਰਨੇ ਜਾਰੀ ਹਨ ਜਦੋਂ ਕਿ 31 ਕਿਸਾਨ ਜਥੇਬੰਦੀਆਂ ਦਾ ਪੱਕਾ ਧਰਨਾ ਇਥੇ ਰੇਲਵੇ ਸਟੇਸ਼ਨ ਨੇੜੇ ਚੱਲ ਰਿਹਾ ਹੈ।